ਢਾਬਾ ਵਰਕਰ ਦੇ ਕਤਲ ਦਾ ਮੁੱਖ ਮੁਲਜ਼ਮ ਕਾਬੂ
ਇਹ ਜਾਣਕਾਰੀ ਡੀ ਐੱਸ ਪੀ ਸਤਿਨਾਮ ਸਿੰਘ ਸੰਘਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਜਿਸ ਦੌਰਾਨ ਥਾਣਾ ਕੋਤਵਾਲੀ ਪਟਿਆਲਾ ਦੇ ਐੱਸ ਐੱਚ ਓ ਇੰਸਪੈਕਟਰ ਜਸਪ੍ਰੀਤ ਸਿੰੰਘ ਕਾਹਲੋਂ ਤੇ ਥਾਣਾ ਡਿਵੀਜ਼ਨ ਨੰਬਰ ਦੇ ਐੱਸ ਐੱਚ ਓ ਗੁਰਪਿੰਦਰ ਸਿੰਘ ਵੀ ਮੌਜੂਦ ਸਨ। ਡੀ ਐੱਸ ਪੀ ਨੇ ਦੱਸਿਆ ਕਿ ਥਾਣਾ ਮੁਖੀ ਸਬ ਇੰਸਪੈਕਟਰ ਗੁਰਪਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਵੱਲੋਂ ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਰਾਹੁਲ ਅਰੋੜਾ ਵਜੋਂ ਹੋਈ ਹੈ ਜੋ ਬੀ ਏ ਭਾਗ ਦੂਜਾ ਦਾ ਵਿਦਿਆਰਥੀ ਹੈ। ਇਸੇ ਦੌਰਾਨ ਭਾਵੇਂ ਇਸ ਮਾਮਲੇ ਦੀ ਮੁਕੰਮਲ ਤਹਿਕੀਕਾਤ ਹੋਣੀ ਅਜੇ ਬਾਕੀ ਹੈ, ਪਰ ਪੁਲੀਸ ਤੋਂ ਪ੍ਰਾਪਤ ਮੁੱਢਲੀ ਤਫਤੀਸ਼ ਦੇ ਅੰਸ਼ਾਂ ਮੁਤਾਬਕ ਇਸ ਕਤਲ ਦੀ ਮੁੱਖ ਵਜ੍ਹਾ 130 ਰੁਪਏ ਨੂੰ ਲੈ ਕੇ ਹੋਇਆ ਕਲੇਸ਼ ਸੀ।
ਡੀ ਐੱਸ ਪੀ ਸਤਿਨਾਮ ਸਿੰਘ ਸੰਘਾ ਦਾ ਕਹਿਣਾ ਸੀ ਕਿ ਪੰਜ ਦੋਸਤ ਆਪਣੇ ਵਿੱਕੀ ਨਾਮ ਦੇ ਇੱਕ ਸਾਥੀ ਦਾ ਜਨਮ ਦਿਨ ਮਨਾਉਣ ਲਈ ਆਏ ਸਨ। ਖਾਣਾ ਖਾਣ ਤੋਂ ਬਾਅਦ ਜਦੋਂ ਉਹ ਬਿੱਲ ਦੇਣ ਲੱਗੇ ਤਾਂ ਉਹ 130 ਰੁਪਏ ਦੇ ਵਾਧੇ ਘਾਟੇ ਨੂੰ ਲੈ ਕੇ ਢਾਬੇ ਦੇ ਕੈਸ਼ੀਅਰ ਨਾਲ ਉਲਝ ਗਏ। ਇਸ ਦੌਰਾਨ ਹੀ ਰਾਹੁਲ ਅਰੋੜਾ ਨਾਮ ਦਾ ਇੱਕ ਨੌਜਵਾਨ ਕੈਸ਼ੀਅਰ ਦੇ ਥੱਪੜ ਮਾਰ ਕੇ ਭੱਜ ਗਿਆ ਤੇ ਢਾਬੇ ਦੇ ਮੁਲਾਜ਼ਮ ਤੇ ਹੋਰ ਉਸ ਦੇ ਪਿੱਛੇ ਭੱਜ ਪਏ। ਇਸ ਦੌਰਾਨ ਜਦੋਂ ਢਾਬੇ ਦੇ ਵਰਕਰ ਸੰਤੋਸ਼ ਕੁਮਾਰ ਨੇ ਉਸ ਨੂੰ ਜਾ ਕੇ ਘੇਰ ਲਿਆ ਤੇ ਦੋਵੇਂ ਹੱਥੋਪਾਈ ਹੋ ਪਏ। ਆਪਣੇ ਆਪ ਨੂੰ ਘਿਰਿਆ ਦੇਖਕੇ ਰਾਹੁਲ ਅਰੋੜਾ ਨੇ ਉਸ ’ਤੇ ਚਾਕੂ ਨਾਲ ਵਾਰ ਕਰ ਦਿੱਤਾ, ਜੋ ਉਸ ਦੇ ਦਿਲ ’ਚ ਖੁਭ ਗਿਆ ਤੇ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਤਫ਼ਤੀਸ਼ੀ ਅਫ਼ਸਰ ਗੁਰਪਿੰਦਰ ਸਿੰਘ ਥਾਣਾ ਮੁਖੀ ਦਾ ਕਹਿਣਾ ਸੀ ਕਿ ਰਾਹੁਲ ਅਰੋੜਾ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਜਿਸ ਤੋਂ ਪੁੱਛਗਿੱਛ ਕਰ ਕੇ ਬਾਕੀ ਮੁਲਜ਼ਮਾਂ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।
