ਯੁਵਕ ਮੇਲੇ ਦੇ ਦੂਜੇ ਦਿਨ ਲੁੱਡੀ ਅਤੇ ਝੂਮਰ ਨੇ ਮਨ ਮੋਹਿਆ
ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਹੇ ਤਿੰਨ ਰੋਜ਼ਾ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਦੂਜੇ ਦਿਨ ਵੱਖ-ਵੱਖ ਕਲਾਤਮਕ ਵੰਨਗੀਆਂ ਦੇ ਮੁਕਾਬਲਿਆਂ ਨਾਲ ਕੈਂਪਸ ਵਿੱਚ ਪੂਰਾ ਦਿਨ ਰੌਣਕ ਲੱਗੀ ਰਹੀ। ਗੁਰੂ ਤੇਗ ਬਹਾਦਰ ਹਾਲ ਵਿੱਚ ਜਾਰੀ ਇਸ ਮੇਲੇ ਦੀ ਮੁੱਖ ਸਟੇਜ ਉੱਤੇ ਕੁੜੀਆਂ ਦੇ ਲੋਕ ਨਾਚ ਲੁੱਡੀ ਅਤੇ ਮੁੰਡਿਆਂ ਦੇ ਲੋਕ ਨਾਚ ਝੂੰਮਰ ਦੇ ਮੁਕਾਬਲਿਆਂ ਨੇ ਸਮਾਂ ਬੰਨ੍ਹ ਕੇ ਰੱਖਿਆ। ਕੈਂਪਸ ਵਿੱਚ ਪੰਜ ਥਾਈਂ ਚੱਲਦੇ ਮੁਕਾਬਲਿਆਂ ਦਾ ਜਾਇਜ਼ਾ ਲੈਂਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਯੁਵਕ ਮੇਲਿਆਂ ਨੇ ਵੱਡੇ-ਵੱਡੇ ਕਲਾਕਾਰ ਬਣਾਏ ਹਨ ਤੇ ਭਵਿੱਖ ਵਿੱਚ ਵੀ ਇਥੋਂ ਕੌਮਾਂਤਰੀ ਪੱਧਰ ਦੇ ਫ਼ਨਕਾਰ ਨਿਕਲਣਗੇ। ਵਿਰਾਸਤੀ ਕਲਾਵਾਂ ਨੂੰ ਸੰਭਾਲਣ ਪੱਖੋਂ ਵੀ ਇਨ੍ਹਾਂ ਮੇਲਿਆਂ ਦੀ ਵੱਡੀ ਭੂਮਿਕਾ ਹੈ।
ਇਸ ਮੇਲੇ ਦੇ ਮੁੱਖ ਪ੍ਰਬੰਧਕ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਦੂਜੇ ਦਿਨ ਸੁਗਮ ਸੰਗੀਤ (ਗੀਤ), ਸੁਗਮ ਸੰਗੀਤ (ਗ਼ਜ਼ਲ) ਅਤੇ ਸਮੂਹ ਗਾਇਨ (ਭਾਰਤੀ) ਦੇ ਮੁਕਾਬਲੇ ਹੋਏ। ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਲਘੂ ਫਿਲਮ ਅਤੇ ਪੰਜਾਬੀ ਮੁਹਾਵਰੇਦਾਰ ਵਾਰਤਾਲਾਪ ਦੇ ਮੁਕਾਬਲੇ ਵੀ ਹੋਏ। ਭੰਡ ਅਤੇ ਨੁੱਕੜ ਨਾਟਕ ਦੇ ਮੁਕਾਬਲੇ ਕਰਵਾਏ ਗਏ। ਪੰਜਾਬ ਦੀਆਂ ਵਿਰਾਸਤੀ ਕਲਾਵਾਂ ਦੇ ਮੁਕਾਬਲਿਆਂ ਨੇ ਉਚੇਚਾ ਧਿਆਨ ਖਿੱਚਦਿਆਂ ਕੈਂਪਸ ਨੂੰ ਵਿਰਾਸਤੀ ਦੇਣ ਵਿੱਚ ਭਰਵਾਂ ਯੋਗਦਾਨ ਪਾਇਆ। ਇਨ੍ਹਾਂ ਵਿਰਾਸਤੀ ਕਲਾਵਾ ਵਿੱਚ ਰੰਗੋਲੀ, ਕਲੇਅ ਮਾਡਲਿੰਗ, ਮੌਕੇ ’ਤੇ ਚਿੱਤਰਕਾਰੀ, ਫ਼ੋਟੋਗ੍ਰਾਫ਼ੀ, ਮਹਿੰਦੀ, ਪੋਸਟਰ ਮੇਕਿੰਗ, ਕੋਲਾਜ ਬਣਾਉਣਾ ਅਤੇ ਇੰਸਟਾਲੇਸ਼ਨ ਦੇ ਮੁਕਾਬਲੇ ਸ਼ਾਮਲ ਰਹੇ। ਮੇਲੇ ਦੇ ਦੂਜੇ ਦਿਨ ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਤੇ ਡੀਨ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫ਼ੇਅਰਜ਼ ਡਾ. ਦਮਨਜੀਤ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
