ਬੇਅਦਬੀ ਖ਼ਿਲਾਫ਼ ਕਾਨੂੰਨ ਪੇਸ਼ ਨਾ ਹੋਣ ’ਤੇ ਆਗੂ ਖਫ਼ਾ
ਸੁਭਾਸ਼ ਚੰਦਰ
ਸਮਾਣਾ, 11 ਜੁਲਾਈ
ਪੰਜਾਬ ਵਿਧਾਨ ਸਭਾ ਦ ਸੈਸ਼ਨ ਵਿੱਚ ਬੇਅਦਬੀ ਖ਼ਿਲਾਫ਼ ਕਾਨੂੰਨ ਪੇਸ਼ ਕੀਤੇ ਜਾਣ ਤੋਂ ਟਾਵਰ ਮੋਰਚੇ ਦੇ ਆਗੂ ਖਫ਼ਾ ਹਨ। ਦਰਅਸਲ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਾਵਰ ਮੋਰਚਾ ਸਮਾਣਾ ਦੇ ਸੰਯੋਜਕ ਭਾਈ ਗੁਰਪ੍ਰੀਤ ਸਿੰਘ ਟਹਿਲ ਸੇਵਾ ਅੱਠੇ ਪਹਿਰ ਆਨੰਦਪੁਰ ਸਾਹਿਬ, ਤਲਵਿੰਦਰ ਸਿੰਘ ਔਲਖ, ਬਾਬਾ ਭਰਪੂਰ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੇ ਭਰਾ ਨਾਲ ਬੀਤੀ 28 ਜੂਨ ਨੂੰ ਮੁੱਖ ਸਕੱਤਰ ਪੰਜਾਬ, ਗ੍ਰਹਿ ਵਿਭਾਗ ਪੰਜਾਬ, ਕਾਨੂੰਨ ਵਿਭਾਗ ਪੰਜਾਬ, ਡੀਸੀ ਡਾ. ਪ੍ਰੀਤੀ ਯਾਦਵ, ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ, ਉੱਪ-ਮੰਡਲ ਅਫ਼ਸਰ ਸਮਾਣਾ ਰਿਚਾ ਗੋਇਲ ਅਤੇ ਪੁਲੀਸ ਉਪ-ਕਪਤਾਨ ਸਮਾਣਾ ਫਤਹਿ ਸਿੰਘ ਬਰਾੜ ਦੀ ਹਾਜ਼ਰੀ ਵਿੱਚ 45 ਮਿੰਟ ਕੀਤੀ ਮੀਟਿੰਗ ਵਿੱਚ ਇਸ ਸਬੰਧੀ ਭਰੋਸਾ ਦਿੱਤਾ ਗਿਆ ਸੀ। ਪੰਜਾਬ ਸਰਕਾਰ ਦੇ ਟਾਲ-ਮਟੋਲ ਦੇ ਰਵੱਈਏ ਤੋਂ ਖਫ਼ਾ ਹੋ ਕੇ 12 ਅਕਤੂਬਰ 2024 ਤੋਂ ਭਾਰਤੀ ਸੰਚਾਰ ਨਿਗਮ ਦੇ 400 ਫੁੱਟ ਉੱਚੇ ਟਾਵਰ ’ਤੇ ਚੜ੍ਹੇ ਭਾਈ ਗੁਰਜੀਤ ਸਿੰਘ ਖੇੜੀਨਗਾਈਆਂ ਨੇ ਦਵਾਈ ਅਤੇ ਖਾਣਾ ਫਿਰ ਛੱਡ ਦਿੱਤਾ ਹੈ ਜਿਸ ਕਾਰਨ ਉਹ ਬੇਹੋਸ਼ ਹੋ ਗਏ ਹਨ। ਅੱਜ ਉਪ-ਮੰਡਲ ਮੈਜਿਸਟਰੇਟ ਸਮਾਣਾ ਰਿਚਾ ਗੋਇਲ ਅਤੇ ਪੁਲੀਸ ਉਪ-ਕਪਤਾਨ ਫਤਹਿ ਸਿੰਘ ਬਰਾੜ ਨੇ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਭਾਈ ਗੁਰਜੀਤ ਸਿੰਘ ਨੂੰ ਖਾਣਾ ਖਾਣ ਅਤੇ ਦਵਾਈ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਾਨੂੰਨ ਨੂੰ ਸਮਾਂ ਲੱਗ ਸਕਦਾ ਹੈ। ਆਗੂ ਤਲਵਿੰਦਰ ਸਿੰਘ ਔਲਖ ਨੇ ਖਫ਼ਾ ਹੋ ਕੇ ਮੁੱਖ ਮੰਤਰੀ ਦੇ ਨਾਂ ਖੁੱਲ੍ਹਾ ਪੱਤਰ ਜਾਰੀ ਕਰਦਿਆਂ ਦੱਸਿਆ ਕਿ 28 ਜੂਨ ਨੂੰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਗਈ ਸੀ ਕਿ 10 ਜੁਲਾਈ ਨੂੰ ਕੈਬਨਿਟ ਮੀਟਿੰਗ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਜਾਵੇਗਾ ਤੇ ਬਾਅਦ ਵਿੱਚ ਦੱਸਿਆ ਗਿਆ ਕਿ 7 ਜੁਲਾਈ ਨੂੰ ਬੇਅਦਬੀ ਸਬੰਧੀ ਕੈਬਨਿਟ ਮੀਟਿੰਗ ਵਿੱਚ ਮਤਾ ਪਾਸ ਕਰ ਦਿੱਤਾ ਜਾਵੇਗਾ ਅਤੇ 10-11 ਜੁਲਾਈ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਵੀ ਇਹ ਕਾਨੂੰਨ ਪਾਸ ਕਰ ਦਿੱਤਾ ਜਾਵੇਗਾ। ਇਸ ਕਾਰਗੁਜ਼ਾਰੀ ’ਤੇ ਵਿਸ਼ਵਾਸ ਕਰਦਿਆਂ ਭਾਈ ਗੁਰਜੀਤ ਸਿੰਘ ਨੇ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਮੰਗ ਕੀਤੀ ਕਿ 14 ਜੁਲਾਈ ਤੋਂ ਪਹਿਲਾਂ ਕੈਬਨਿਟ ਮੀਟਿੰਗ ਸੱਦ ਕੇ ਇਹ ਮਤਾ ਪਾਸ ਕੀਤਾ ਜਾਵੇ ਅਤੇ 14-15 ਜੁਲਾਈ ਨੂੰ ਵਿਧਾਨ ਸਭਾ ਦੇ ਸੈਸ਼ਨ ਵਿੱਚ ਇਸ ਨੂੰ ਪਾਸ ਕਰਵਾਇਆ ਜਾਵੇ।