ਖ਼ਾਲਸਾ ਕਾਲਜ ਨੇ ਵਿਦਿਆਰਥੀਆਂ ਨੂੰ ਨੈਤਿਕ ਪੱਖੋਂ ਮਜ਼ਬੂਤ ਕੀਤਾ: ਧਾਮੀ
ਖ਼ਾਲਸਾ ਕਾਲਜ ਪਟਿਆਲਾ ਵੱਲੋਂ ਅੱਜ ਆਪਣਾ 65ਵਾਂ ਸਥਾਪਨਾ ਦਿਵਸ ਗੁਰਮਤਿ ਸਮਾਗਮ ਕਰ ਕੇ ਮਨਾਇਆ ਗਿਆ। ਇਸ ਖ਼ਾਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਕਾਲਜ ਕੈਂਪਸ ਵਿੱਚ ਸਥਿਤ ਗੁਰਦੁਆਰੇ ਵਿੱਚ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਗੁਰਬਾਣੀ ਕੀਰਤਨ, ਢਾਡੀ ਵਾਰਾਂ ਅਤੇ ਕਵੀਸ਼ਰੀ ਗਾਇਨ ਕੀਤਾ। ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਮੈਂਬਰ ਐਗਜ਼ੈਕਟਿਵ ਕਮੇਟੀ ਸੁਰਜੀਤ ਸਿੰਘ ਗੜ੍ਹੀ ਤੇ ਬਾਬਾ ਬੂਟਾ ਸਿੰਘ ਵੀ ਮੌਜੂਦ ਸਨ।
ਸ੍ਰੀ ਧਾਮੀ ਨੇ ਕਿਹਾ ਕਿ ਖ਼ਾਲਸਾ ਕਾਲਜ ਨੇ ਪਿਛਲੇ 65 ਸਾਲਾਂ ਵਿੱਚ ਸਿੱਖੀ ਦੇ ਸਿਧਾਂਤਾਂ ਨੂੰ ਅੱਗੇ ਵਧਾਉਂਦਿਆਂ ਵਿਦਿਆਰਥੀਆਂ ਨੂੰ ਨੈਤਿਕ ਅਤੇ ਅਕਾਦਮਿਕ ਤੌਰ ’ਤੇ ਮਜ਼ਬੂਤ ਕੀਤਾ ਹੈ। ਇਸ ਮੌਕੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ ਅੰਮ੍ਰਿਤਧਾਰੀ ਸਕਾਲਰਸ਼ਿਪ ਦੀ ਅੱਠ ਲੱਖ ਦੀ ਰਕਮ ਦੇ ਚੈੱਕ ਵੀ ਤਕਸੀਮ ਕੀਤੇ ਗਏ। 65ਵੇਂ ਸਥਾਪਨਾ ਦਿਵਸ ਦੀ ਖ਼ੁਸ਼ੀ ਵਿਚ 65 ਅੰਬਾਂ ਦੇ ਬੂਟੇ ਲਾਏ ਗਏ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਾਲਜ ਦੇ 65 ਸਾਲਾਂ ਦੇ ਸਫ਼ਰ ‘ਤੇ ਚਾਨਣਾ ਪਾਇਆ।