ਪੰਜਾਬ ਵਿੱਚ ਡੈਮਾਂ ਦੇ ਪਾਣੀ ਛੱਡਣ ਕਾਰਨ ਆਏ ਹੜ੍ਹਾਂ ਦੀ ਜਾਂਚ ਹੋਵੇ: ਯਾਦੂ
ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਥੇਬੰਦੀ ਸੈਫੀ, ਪੰਜਾਬ ਵਿਦਿਆਰਥੀ ਪਰਿਸ਼ਦ ਅਤੇ ਲੋਕ-ਰਾਜ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸੰਬੋਧਨ ਵਿਚ ਆਗੂਆਂ ਨੇ ਕਿਹਾ ਹਰ ਵਾਰ ਡੈਮਾਂ ਦਾ ਪਾਣੀ ਛੱਡ ਕੇ ਪੰਜਾਬ ਨੂੰ ਰੋੜ੍ਹ ਦਿੱਤਾ ਜਾਂਦਾ ਹੈ। ਡੈਮਾਂ ਨੂੰ ਪਾਣੀ ਦੀਆਂ ਤੋਪਾਂ ਵਾਂਗ ਵਰਤਣਾ ਬੰਦ ਕਰਨਾ ਚਾਹੀਦਾ ਹੈ, ਭਾਖੜਾ, ਪੌਂਗ ਅਤੇ ਡੇਹਰ ਡੈਮਾਂ ਦਾ ਕੰਟਰੋਲ ਪੰਜਾਬ ਹਵਾਲੇ ਹੋਣਾ ਚਾਹੀਦਾ ਹੈ। ਪੰਜਾਬ ਵਿਦਿਆਰਥੀ ਪਰਿਸ਼ਦ ਦੇ ਪ੍ਰਧਾਨ ਅਤੇ ਸੈਫੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਯਾਦੂ ਅਲਾਲ ਨੇ ਕਿਹਾ ਕਿ ਪੰਜਾਬ ਵਿੱਚ ਵਾਰ-ਵਾਰ ਆਉਣ ਵਾਲੇ ਹੜ੍ਹ ਕੁਦਰਤੀ ਨਾ ਹੋ ਕੇ ਮਨੁੱਖ ਦੁਆਰਾ ਲਿਆਂਦੇ ਗਏ ਹਨ ਕਿਉਂਕਿ ਇਹ ਹੜ੍ਹ ਦਰਿਆਵਾਂ ਵਿੱਚ ਜ਼ਿਆਦਾ ਮੀਂਹ ਦੇ ਪਾਣੀ ਦੇ ਵਹਾਅ ਕਾਰਨ ਨਹੀਂ ਆ ਰਹੇ, ਹਮੇਸ਼ਾ ਡੈਮਾਂ ਵਿੱਚ ਸਟੋਰ ਕੀਤੇ ਪਾਣੀ ਨੂੰ ਛੱਡੇ ਜਾਣ ਦੇ ਸਿੱਧੇ ਨਤੀਜੇ ਵਜੋਂ ਆਉਂਦੇ ਹਨ। ਯਾਦੂ ਨੇ ਕਿਹਾ ਕਿ ਇਹ ਵੱਡਾ ਵਿਤਕਰਾ ਅਤੇ ਤਰਾਸਦੀ ਇਹ ਹੈ ਕਿ ਪੰਜਾਬ ਦੇ ਦਰਿਆਵਾਂ ਉੱਪਰ ਪੰਜਾਬ ਦਾ ਕੰਟਰੋਲ ਨਹੀਂ ਹੈ ਕੇਂਦਰ ਸਰਕਾਰ ਵੱਲੋਂ ਦਰਿਆਵਾਂ ਦੀ ਮਾਰ ਝੱਲਣ ਵਾਲੇ ‘ਰਿਪੇਰੀਅਨ ਰਾਜ ਪੰਜਾਬ’ ਦੇ ਕੰਟਰੋਲ ਆਪਣੇ ਅਧਿਕਾਰ ਖੇਤਰ ਵਿੱਚ ਲਏ ਹੋਏ ਹਨ। ਇਸ ਵੇਲੇ ਲੋਕ-ਰਾਜ ਪੰਜਾਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ ਵੀ ਮੌਜੂਦ ਸਨ।