ਪੰਜਾਬੀ ’ਵਰਸਿਟੀ ’ਚ ਅੰਤਰ-ਖੇਤਰੀ ਯੁਵਕ ਮੇਲਾ ਸ਼ੁਰੂ
ਪੰਜਾਬੀ ਯੂਨੀਵਰਸਿਟੀ ਦਾ ਤਿੰਨ ਰੋਜ਼ਾ ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲਾ ਅੱਜ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ ਹੈ। ਯੁਵਕ ਭਲਾਈ ਵਿਭਾਗ ਵੱਲੋਂ ਡਾਇਰੈਕਟਰ ਡਾ. ਭੀਮਇੰਦਰ ਦੀ ਦੇਖਰੇਖ ਹੇਠਲੇ ਇਸ ਮੇਲੇ ’ਚ ਛੇ ਖੇਤਰੀ ਯੁਵਕ ਮੇਲਿਆਂ ਦੀਆਂ ਜੇਤੂ ਟੀਮਾਂ ਸ਼ਿਰਕਤ ਕਰ ਰਹੀਆਂ ਹਨ।
‘ਗੁਰੂ ਤੇਗ ਬਹਾਦਰ ਹਾਲ’ ਵਿੱਚ ਹੋ ਰਹੇ ਇਸ ਮੇਲੇ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਮੇਲੇ ਪੰਜਾਬੀ ਭਾਸ਼ਾ ਅਤੇ ਵਿਰਸੇ ਦੇ ਪ੍ਰਚਾਰ ਪਾਸਾਰ ਲਈ ਸਥਾਪਤ ਹੋਈ ਪੰਜਾਬੀ ਯੂਨੀਵਰਸਿਟੀ ਦੀ ਪਛਾਣ ਹਨ। ਮੁੱਖ ਪ੍ਰਬੰਧਕ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਐਤਕੀਂ ਪੰਜ ਟਰਾਫੀਆਂ ਇਥੋਂ ਦੇ ਸਾਬਕਾ ਤੇ ਮਰਹੂਮ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਸਮਰਪਿਤ ਹਨ। ਗੀਤ ਮੁਕਾਬਲਿਆਂ ਦੀ ਟਰਾਫ਼ੀ ਮਰਹੂਮ ਰਾਜਵੀਰ ਜਵੰਧਾ ਨੂੰ, ਨਾਟਕ ਸਬੰਧੀ ‘ਸਰਵੋਤਮ ਅਦਾਕਾਰ’ ਦੀ ਟਰਾਫ਼ੀ ਓਮ ਪੁਰੀ, ਥੀਏਟਰ ਦੀ ਓਵਰਆਲ ਟਰਾਫ਼ੀ ਸੁਰਜੀਤ ਸੇਠੀ, ਬੈਸਟ ਡਾਂਸਰ ਦੀ ਟਰਾਫੀ ਸ਼ਮਸ਼ੇਰ ਚਹਿਲ ਅਤੇ ਭੰਗੜੇ ’ਚ ਬੈਸਟ ਡਾਂਸਰ ਟਰਾਫ਼ੀ ਤੇਜਿੰਦਰ ਚਹਿਲ ਨੂੰ ਸਮਰਪਿਤ ਕੀਤੀ ਗਈ ਹੈ। ਮੇਲੇ ਦੇ ਪਹਿਲੇ ਦਿਨ ਸਮੂਹ ਸ਼ਬਦ/ ਭਜਨ ਗਾਇਨ, ਫੌਕ ਆਰਕੈਸਟਰਾ, ਲੋਕ-ਗੀਤ, ਲੋਕ ਸਾਜ਼, ਸ਼ਾਸਤਰੀ ਸੰਗੀਤ ਗਾਇਨ (ਕਲਾਸੀਕਲ ਵੋਕਲ) ਤੇ ਕੁਇੱਜ਼ ਕਰਵਾਏ ਗਏ। ਇਸੇ ਤਰ੍ਹਾਂ ਕਢਾਈ, ਕਰੋਸ਼ੀਏ ਦੀ ਬੁਣਤੀ, ਰੱਸਾ ਵੱਟਣਾ, ਪੀੜ੍ਹੀ ਬੁਣਨੀ, ਨਾਲਾ ਬੁਣਨਾ ਸਣੇ ਪੱਖੀ, ਗੁੱਡੀਆਂ ਪਟੋਲੇ, ਪਰਾਂਦਾ , ਟੋਕਰੀ, ਛਿੱਕੂ, ਮਿੱਟੀ ਦੇ ਖਿਡੌਣੇ ਅਤੇ ਖਿੱਦੋ ਅਤੇ ਇੰਨੂ ਬਣਾਉਣ ਦੇ ਮੁਕਾਬਲੇ ਵੀ ਹੋਏ। ਤਿੰਨ ਕਲਾ ਪ੍ਰਦਰਸ਼ਨੀਆਂ ਵੀ ਲੱਗੀਆ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਬਰਾੜ ਅਤੇ ਕੰਟਰੋਲਰ ਡਾ. ਮਨੀਸ਼ ਕਪੂਰ ਅਤੇ ਪ੍ਰਿੰਸੀਪਲ ਧਰਮਿੰਦਰ ਉੱਭਾ ਨੇ ਵੀ ਸ਼ਿਰਕਤ ਕੀਤੀ।
