ਸੂਚਨਾ ਕਮਿਸ਼ਨਰ ਵੱਲੋਂ ਗੁਰਦੁਆਰਾ ਦੂਖਨਿਵਾਰਨ ਸਾਹਿਬ ’ਚ ਆਪਣੀ ਪੁਸਤਕ ਭੇਟ
ਪੰਜਾਬ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਅੱਜ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੀ ਪੁਸਤਕ ‘ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਅਧਿਆਤਮਕ ਯਾਤਰਾ’ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਭੇਟ ਕੀਤੀ। ਇਹ ਪੁਸਤਕ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ। ਇਸ ਮੌਕੇ ਹਰਪ੍ਰੀਤ ਸੰਧੂ ਨੇ ਦੱਸਿਆ ਕਿ ਪੁਸਤਕ ਵਿੱਚ ਗੁਰੂ ਸਾਹਿਬ ਦੇ ਜੀਵਨ ਦੌਰਾਨ ਉਨ੍ਹਾਂ ਨਾਲ ਸਬੰਧਤ ਪਵਿੱਤਰ ਸਥਾਨਾਂ ਦਾ ਵੇਰਵਾ ਤਸਵੀਰਾਂ ਸਮੇਤ ਦਿੱਤਾ ਗਿਆ ਹੈ। ਇਹ ਕਿਤਾਬ 22 ਜੁਲਾਈ 2025 ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਰਾਜ ਭਵਨ ਚੰਡੀਗੜ੍ਹ ਵਿੱਚ ਜਾਰੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦਾ ਵੇਰਵਾ ਅਤੇ ਤਸਵੀਰ ਵੀ ਸ਼ਾਮਲ ਹੈ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਹਰਪ੍ਰੀਤ ਸੰਧੂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੁਸਤਕ ਗੁਰੂ ਸਾਹਿਬ ਦੀ ਬੇਮਿਸਾਲ ਵਿਰਾਸਤ ਨੂੰ ਸਮਰਪਿਤ ਇੱਕ ਪਵਿੱਤਰ ਸ਼ਰਧਾਂਜਲੀ ਹੈ।