ਗੁਰਦਿਆਲ ਸਿੰਘ ਅਧਿਐਨ ਤੇ ਵਿਰਾਸਤ ਕੇਂਦਰ ਦਾ ਉਦਘਾਟਨ
ਪੰਜਾਬੀ ਯੂਨੀਵਰਸਿਟੀ ਵਿੱਚ ਪਦਮਸ੍ਰੀ ਤੇ ਗਿਆਨ-ਪੀਠ ਐਵਾਰਡੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਦੇ ਨਾਂ ’ਤੇ ਸਥਾਪਤ ਚੇਅਰ ਵਿੱਚ ‘ਪ੍ਰੋ. ਗੁਰਦਿਆਲ ਸਿੰਘ ਅਧਿਐਨ ਅਤੇ ਵਿਰਾਸਤ ਕੇਂਦਰ’ (ਲਾਇਬਰੇਰੀ) ਦਾ ਉਦਘਾਟਨ ਕੀਤਾ ਗਿਆ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਪ੍ਰੋ. ਗੁਰਦਿਆਲ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਸਾਹਿਤਕਾਰ ਮਾਤ ਭਾਸ਼ਾ ਦਾ ਬੇਸ਼ਕੀਮਤੀ ਸਰਮਾਇਆ ਹੁੰਦੇ ਹਨ ਜੋ ਆਪਣੀਆਂ ਲਿਖਤਾਂ ਦੁਆਰਾ ਸਮੇਂ ਸਮੇਂ ’ਤੇ ਮਾਨਵੀ ਸਮਾਜ ਦੀ ਸੁਚੱਜੀ ਅਗਵਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ ਵਿੱਚ ‘ਪ੍ਰੋ. ਗੁਰਦਿਆਲ ਸਿੰਘ ਅਧਿਐਨ ਅਤੇ ਵਿਰਾਸਤ ਕੇਂਦਰ’ (ਲਾਇਬ੍ਰੇਰੀ) ਦੀ ਸਥਾਪਨਾ ਨਾਲ ਖੋਜਾਰਥੀ ਅਤੇ ਵਿਦਿਆਰਥੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਅਤੇ ਖੋਜ ਖੇਤਰ ਵਿੱਚ ਭਰਪੂਰ ਲਾਭ ਉਠਾਉਣਗੇ। ਸਮਾਗਮ ਦੇ ਆਰੰਭ ਵਿਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵਿਦਵਾਨਾਂ, ਅਧਿਆਪਕਾਂ, ਲੇਖਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨਾਲ ਡਾ. ਰਾਜਵੰਤ ਕੌਰ ‘ਪੰਜਾਬੀ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਇਤਿਹਾਸ ਵਿਚ ਇਕ ਨਵਾਂ ਅਧਿਆਇ ਖੁੱਲ੍ਹਿਆ ਹੈ। ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਕਿਸੇ ਲੇਖਕ ਦੀਆਂ ਸਾਹਿਤਕ ਲਿਖਤਾਂ ਦਾ ਆਰਥਿਕ ਅਤੇ ਸਭਿਆਚਾਰਕ ਪੱਖਾਂ ਨਾਲ ਸਬੰਧ ਜੋੜਨਾ ਹੋਰ ਵੀ ਮਹੱਤਵਪੂਰਨ ਗੱਲ ਹੁੰਦੀ ਹੈ। ਇਸ ਸਮਾਗਮ ਦੇ ਮੁੱਖ ਬੁਲਾਰੇ ਡੀਏਵੀ ਕਾਲਜ ਅਬੋਹਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਤਰਸੇਮ ਸ਼ਰਮਾ ਨੇ ਪ੍ਰੋਫੈਸਰ ਗੁਰਦਿਆਲ ਸਿੰਘ ਨਾਲ ਜੁੜੀਆਂ ਹੋਈਆਂ ਆਪਣੀਆਂ ਯਾਦਾਂ ਅਤੇ ਉਦਾਹਰਨਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਉੱਦਮ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਧਾਈ ਦੀ ਹੱਕਦਾਰ ਹੈ ਕਿ ਪ੍ਰੋ. ਗੁਰਦਿਆਲ ਸਿੰਘ ਦੀ ਸਾਹਿਤਕ ਸੰਪਤੀ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਦਵਿੰਦਰ ਪਾਲ ਸਿੰਘ ਸਿੱਧੂ ਅਤੇ ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਤੋਂ ਇਲਾਵਾ ਮੁੱਖ ਲਾਇਬਰੇਰੀਅਨ ਡਾ. ਅਮਿਤ ਮਿੱਤਲ ਨੇ ਵੀ ਵਿਭਾਗ ਨੂੰ ਇਸ ਉਸਾਰੂ ਕਦਮ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਅੰਤ ਵਿੱਚ ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਗੁਰਸੇਵਕ ਸਿੰਘ ਲੰਬੀ ਨੇ ਬਾਖ਼ੂਬੀ ਨਿਭਾਇਆ।