ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਚਹਿਲ-ਪਹਿਲ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 29 ਅਗਸਤ
ਭੈਣ-ਭਰਾ ਦੇ ਪਿਆਰੇ ਰਿਸ਼ਤੇ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਕਰਕੇ ਅੱਜ ਰਿਆਸਤੀ ਸ਼ਹਿਰ ਦੇ ਬਜ਼ਾਰਾਂ ਵਿੱਚ ਭੀੜ ਬਣੀ ਰਹੀ। ਕੁੜੀਆਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਸਜਾਉਣ ਲਈ ਅੱਜ ਖ਼ਰੀਦੋ ਫ਼ਰੋਖ਼ਤ ਕੀਤੀ। ਇਸ ਵਾਰ ਬਾਜ਼ਾਰਾਂ ਵਿੱਚ ਦੇਸ਼ ’ਚ ਬਣੀਆਂ ਰੱਖੜੀਆਂ ਜ਼ਿਆਦਾਤਰ ਦੇਖਣ ਨੂੰ ਮਿਲੀਆਂ ਜਦਕਿ ਬੱਚਿਆਂ ਲਈ ਚੀਨ ਦੀਆਂ ਬਣੀਆਂ ਰੱਖੜੀਆਂ ਮੌਜੂਦ ਸਨ।
ਇੱਥੇ ਔਰਤਾਂ ਨੇ ਬਾਜ਼ਾਰਾਂ ਵਿੱਚ ਰੰਗ-ਬਿਰੰਗੀਆਂ ਰੱਖੜੀਆਂ ਦੀ ਖਰੀਦ ਕੀਤੀ ਤੇ ਆਪਣੇ ਵੀਰਾਂ ਦੇ ਰੱਖੜੀ ਬੰਨਣ ਦਾ ਤਿਉਹਾਰ ਬੜੇ ਹੁਲਾਸ ਨਾਲ ਮਨਾਉਣ ਦੀ ਤਿਆਰੀ ਵੀ ਕੀਤੀ।
ਸਮਾਜ ਵਿਗਿਆਨੀ ਡਾ. ਕਿਰਪਾਲ ਕਜ਼ਾਕ ਨੇ ਕਿਹਾ ਕਿ ਰੱਖੜੀ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਚੁੱਕਿਆ ਹੈ, ਇਸ ਤਿਉਹਾਰ ਨੂੰ ਹੁਣ ਹਰ ਇਕ ਭੈਣ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਮਨਾਉਂਦੀ ਹੈ। ਉਨ੍ਹਾਂ ਕਿਹਾ ਕਿ ਰੱਖੜੀ ਮਹਿਜ਼ ਇਕ ਧਾਗਾ ਨਹੀਂ ਹੈ ਸਗੋਂ ਇਹ ਭੈਣ ਦੇ ਵੀਰ ਦੀਆਂ ਪਵਿੱਤਰ ਭਾਵਨਾਵਾਂ ਦਾ ਸੋਹਣਾ ਤਿਉਹਾਰ ਹੈ ਜਿਸ ਨੂੰ ਉੱਤਰੀ ਭਾਰਤ ਵਿਚ ਬੜੇ ਹੁਲਾਸ ਨਾਲ ਮਨਾਇਆ ਜਾਂਦਾ ਹੈ। ਇਕ ਸੱਭਿਆਚਾਰਕ ਟਿੱਪਣੀ ਅਨੁਸਾਰ ਇਹ ਤਾਂ ਭੈਣ-ਭਰਾ ਦੀ ਸਾਂਝ ਤੇ ਸਨੇਹ ਦਾ ਤਿਉਹਾਰ ਹੈ।