ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿੰਡ ਲੋਹ ਸਿੰਬਲੀ ਵਿੱਚ ਨਾਲੇ ਕਾਰਨ ਘਰਾਂ ’ਚ ਸੇਮ ਆਈ

ਨੀਹਾਂ ਕਮਜ਼ੋਰ ਹੋਣ ਕਾਰਨ ਘਰ ਡਿੱਗਣ ਦਾ ਖ਼ਤਰਾ; ਲੋਕਾਂ ਵੱਲੋਂ ਨਾਲਾ ਬੰਦ ਕਰਵਾਉਣ ਲਈ ਐੱਸਡੀਐੱਮ ਨੂੰ ਮੰਗ ਪੱਤਰ
ਪਿੰਡ ਲੋਹ ਸਿੰਬਲੀ ’ਚ ਲੋਕਾਂ ਦੇ ਘਰਾਂ ਕੋਲੋਂ ਲੰਘ ਰਿਹਾ ਨਾਲਾ।
Advertisement

ਹਲਕਾ ਘਨੌਰ ਦੇ ਸਭ ਤੋਂ ਵੱਡੇ ਅਤੇ ਹਰਿਆਣਾ ਦੀ ਹੱਦ ਨਾਲ ਲੱਗਦੇ ਇਤਿਹਾਸਕ ਪਿੰਡ ਲੋਹ ਸਿੰਬਲੀ ਵਿੱਚ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀਆਂ ਦੇ ਘਰਾਂ ਅੱਗਿਓਂ ਲੰਘ ਰਹੇ ਗੰਦੇ ਨਾਲੇ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਘਰਾਂ ਅੰਦਰ ਸੇਮ ਆਉਣ ਨਾਲ ਘਰ ਕਦੇ ਵੀ ਡਿੱਗ ਕੇ ਜਾਨੀ ਤੇ ਮਾਲੀ ਨੁਕਸਾਨ ਦਾ ਡਰ ਬਣਿਆ ਹੋਇਆ ਹੈ। ਪਿੰਡ ਵਾਸੀ ਗੁਰਦੇਵ ਸਿੰਘ ਪੁੱਤਰ ਜਗਿਸ਼ਰ ਸਿੰਘ, ਪਾਲ ਸਿੰਘ ਪੁੱਤਰ ਦੀਪ ਚੰਦ ਤੇ ਗੁਰਦੇਵ ਸਿੰਘ ਪੁੱਤਰ ਮੀਹਾਂ ਤੋਂ ਇਲਾਵਾ ਚਾਰ ਦਰਜਨ ਦੇ ਕਰੀਬ ਲੋਕਾਂ ਨੇ ਐੱਸਡੀਐੱਮ ਰਾਜਪੁਰਾ ਅਵਿਕੇਸ਼ ਗੁਪਤਾ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾਲਾ ਬੰਦ ਕਰਵਾਉਣ ਲਈ ਮੰਗ ਪੱਤਰ ਭੇਜ ਕੇ ਰਾਹਤ ਦੇਣ ਦੀ ਅਪੀਲ ਕੀਤੀ ਹੈ। ਪੀੜਤਾਂ ਨੇ ਦੱਸਿਆ ਕਿ ਉਹ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀਆਂ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿੰਡ ਵਿੱਚ ਅੰਬਾਲਾ ਵਾਲੇ ਪਾਸੇ ਤੋਂ ਗੰਦਾ ਨਾਲਾ ਆ ਰਿਹਾ ਹੈ, ਜੋ ਕਿ ਨਾ ਤਾਂ ਹਰਿਆਣਾ ਸਰਕਾਰ ਵੱਲੋਂ ਖੁਦਵਾਇਆ ਗਿਆ ਹੈ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਪੁੱਟਿਆ ਗਿਆ ਹੈ। ਇਹ ਨਾਲਾ ਕੁਦਰਤੀ ਪਾਣੀ ਦੇ ਵਹਾਅ ਕਾਰਨ ਆਪ ਮੁਹਾਰੇ ਹੀ ਬਣਿਆ ਹੋਇਆ ਹੈ। ਇਸ ਵਿਚ ਅੰਬਾਲਾ ਵਾਲੇ ਪਾਸੇ ਤੋਂ ਗੰਦਾ ਪਾਣੀ ਅਤੇ ਬਰਸਾਤਾਂ ਦੇ ਦਿਨਾਂ ਵਿਚ ਬਰਸਾਤੀ ਪਾਣੀ ਵਹਿੰਦਾ ਹੈ। ਇਹ ਨਾਲਾ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਵਿਚਕਾਰੋਂ ਦੀ ਲੰਘ ਰਿਹਾ ਹੈ। ਨਾਲੇ ਦੇ ਪਾਣੀ ਕਾਰਨ ਮਕਾਨਾਂ ਵਿਚ ਸੇਮ ਆ ਰਹੀ ਹੈ ਅਤੇ ਮਕਾਨਾਂ ਦੀਆਂ ਨੀਹਾਂ ਕਮਜ਼ੋਰ ਹੋ ਰਹੀਆਂ ਹਨ। ਇਹ ਮਕਾਨ ਕਦੇ ਵੀ ਡਿੱਗ ਕੇ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ। ਇਸ ਗੰਦੇ ਨਾਲੇ ਵਿਚੋਂ ਆ ਰਹੀ ਬਦਬੂ ਨੇ ਉਨ੍ਹਾਂ ਦਾ ਜਿਊਂਣਾ ਦੁੱਭਰ ਕੀਤਾ ਹੋਇਆ ਹੈ। ਇਸ ਨਾਲ਼ੇ ਵਿਚੋਂ ਮੱਖੀ ਮੱਛਰ ਤੇ ਜ਼ਹਿਰੀਲੇ ਸੱਪ ਨਿਕਲ ਕੇ ਉਨ੍ਹਾਂ ਦੇ ਘਰਾਂ ਵਿਚ ਵੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਇਸ ਨਾਲੇ ਨੂੰ ਜੇਬੀਸੀ ਮਸ਼ੀਨਾਂ ਨਾਲ ਹੋਰ ਡੂੰਘਾ ਕਰ ਦਿੱਤਾ ਗਿਆ ਜਿਸ ਕਾਰਨ ਇਸ ਵਿਚ ਪਾਣੀ ਦੀ ਮਾਤਰਾ ਵੱਧ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਲਈ ਨਾਲਾ ਬਣਾਉਣ ਲਈ ਇਕ ਸਰਵੇ ਹੋਇਆ ਸੀ। ਉਨ੍ਹਾਂ ਦੇ ਪਿੰਡ ਤੋਂ ਪਿਛਲੇ ਪਿੰਡ ਹਰਪਾਲਾ ਤੇ ਮਾਹਰੀਆਂ ਤੱਕ ਸਰਵੇ ਅਨੁਸਾਰ ਨਾਲਾ ਬਣਿਆ ਹੋਇਆ ਹੈ ਪਰ ਉਨ੍ਹਾਂ ਦੇ ਪਿੰਡ ਵਿੱਚ ਇਹ ਨਾਲਾ ਸਰਵੇ ਅਨੁਸਾਰ ਨਾ ਬਣ ਕੇ ਉਨ੍ਹਾਂ ਦੇ ਘਰਾਂ ਦੇ ਕੋਲੋਂ ਲੰਘ ਰਿਹਾ ਹੈ। ਨਾਲੇ ਦੇ ਦੋਵੇਂ ਪਾਸੇ ਦਲਿਤਾਂ ਦੇ ਘਰ ਹਨ। ਉਨ੍ਹਾਂ ਆਪ ਮੁਹਾਰੇ ਬਣੇ ਨਾਲ਼ੇ ਨੂੰ ਬੰਦ ਕਰਵਾ ਕੇ ਕਰਵਾਏ ਸਰਵੇ ਅਨੁਸਾਰ ਨਾਲਾ ਬਣਾਉਣ ਦੀ ਅਪੀਲ ਕੀਤੀ ਹੈ। ਐੱਸਡੀਐੱਮ ਅਵਿਕੇਸ਼ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਮੰਗ ਪੱਤਰ ਮੁੱਖ ਮੰਤਰੀ ਦਫ਼ਤਰ ਨੂੰ ਭੇਜਣ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।

Advertisement
Advertisement
Show comments