ਪਟਿਆਲਾ ਵਿੱਚ ਭਰਵੇਂ ਮੀਂਹ ਕਾਰਨ ਕਈ ਖੇਤਰ ਜਲ-ਥਲ
ਪਟਿਆਲਾ ਵਿੱਚ ਅੱਜ ਭਰਵੇਂ ਮੀਂਹ ਮਗਰੋਂ ਕਈ ਖੇਤਰਾਂ ਵਿੱਚ ਪਾਣੀ ਘਰਾਂ ’ਚ ਵੜ ਗਿਆ। ਕਈ ਇਲਾਕਿਆਂ ਵਿੱਚ ਸੜਕਾਂ ’ਤੇ ਐਨਾ ਪਾਣੀ ਭਰ ਗਿਆ ਕਿ ਲੋਕਾਂ ਦੇ ਦੋਪਹੀਆ ਵਾਹਨ ਬੰਦ ਹੋ ਗਏ। ਸਵੇਰੇ 8 ਵਜੇ ਤੋਂ ਬਾਅਦ ਭਰਵੇਂ ਮੀਂਹ ਨੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਅਤੇ ਕਈ ਕਲੋਨੀਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਅਨੁਸਾਰ ਅੱਜ 10 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਭਰਵੇਂ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਅਰਬਨ ਅਸਟੇਟ ਤੋਂ ਇਲਾਵਾ ਪਟਿਆਲਾ ਦੇ ਅਨਾਰਦਾਨਾ ਚੌਕ, ਜੋੜੀਆਂ ਭੱਠੀਆਂ, ਰਾਘੋਮਾਜਰਾ, ਪੁਰਾਣੀ ਟਰੈਕਟਰ ਮਾਰਕੀਟ, ਅਰਨਾ ਬਰਨਾ ਚੌਕ, ਕਿਤਾਬਾਂ ਵਾਲੀ ਮਾਰਕੀਟ, ਅਚਾਰ-ਬਾਜ਼ਾਰ, ਰਣਜੀਤ ਨਗਰ ਆਦਿ ਖੇਤਰਾਂ ਵਿੱਚ ਪਾਣੀ ਭਰ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ’ਤੇ ਆਗਿਆ ਤੇ ਹਵਾ ਵਿੱਚ ਨਮੀ 85 ਫ਼ੀਸਦੀ ਤੱਕ ਰਿਕਾਰਡ ਕੀਤੀ ਗਈ। ਸਾਰਾ ਦਿਨ ਅਸਮਾਨ ਵਿੱਚ ਬੱਦਲ ਛਾਏ ਰਹੇ। ਇਸ ਮੀਂਹ ਨਾਲ ਝੋਨੇ ਨੂੰ ਕਾਫ਼ੀ ਲਾਭ ਹੋਇਆ ਹੈ। ਮਾਹਿਰਾਂ ਅਨੁਸਾਰ ਮੀਂਹ ਨਾਲ ਝੋਨੇ ਨੂੰ ਤਾਕਤ ਵੀ ਮਿਲੇਗੀ। ਗੁਰਧਿਆਨ ਸਿੰਘ ਸਿਊਨਾ ਨੇ ਕਿਹਾ ਕਿ ਇਲਾਕੇ ਵਿਚ ਅੱਜ ਮੀਂਹ ਨੇ ਕਾਫ਼ੀ ਰਾਹਤ ਦਿੱਤੀ ਹੈ। ਅਰਬਨ ਅਸਟੇਟ ਤੋਂ ਉਜਾਗਰ ਸਿੰਘ ਨੇ ਕਿਹਾ ਕਿ ਅੱਜ ਮੀਂਹ ਕਾਰਨ ਅਰਬਨ ਅਸਟੇਟ ਵਿਚ ਕਾਫ਼ੀ ਪਾਣੀ ਭਰ ਗਿਆ ਤੇ ਨਿਕਾਸੀ ਨਾ ਹੋਣ ਕਰਕੇ ਸੜਕਾਂ ’ਤੇ ਲੋਕਾਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ।