ਮੰਗਾਂ ਮਨਵਾਉਣ ਲਈ ਟੈਂਕੀ ’ਤੇ ਡਟੇ ਹੈਲਥ ਵਰਕਰ
ਸਿਹਤ ਵਿਭਾਗ ’ਚ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਅਸਾਮੀਆਂ ਲਈ ਉਮਰ ਹੱਦ ’ਚ ਛੋਟ ਦੇਣ ਦੀ ਮੰਗ ਨੂੰ ਲੈ ਕੇ ਆਤਮਦਾਹ ਦੀ ਧਮਕੀ ਦਿੰਦਿਆਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਉੱਚੀ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਹੈਲਥ ਵਰਕਰਾਂ ਨੂੰ ਹੇਠਾਂ ਉਤਾਰਨ ਲਈ ਅੱਜ ਲਈ ਮੁਕੱਰਰ ਹੋਈ ਪੈਨਲ ਮੀਟਿੰਗ ਕਿਸੇ ਤਣ ਪੱਤਣ ਨਾ ਲੱਗ ਸਕੀ। ਇਸ ਸਬੰਧੀ ਯੂਨੀਅਨ ਨੂੰ ਮਿਲੇ ਪੱਤਰ ਮੁਤਾਬਕ ਮੀਟਿੰਗ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਹਾਜ਼ਰ ਨਹੀਂ ਹੋਏ, ਜਿਸ ਕਰਕੇ ਮੀਟਿੰਗ ’ਚ ਪੁੱਜੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੁਮਾਰ ਰਾਹੁਲ ਨੇ ਯੂਨੀਅਨ ਆਗੂਆਂ ਨੂੰ ਉਨ੍ਹਾਂ ਦੀ ਮੰਗ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ ਤਾਂ ਦਿੱਤਾ ਪਰ ਯੂਨੀਅਨ ਆਪਣੀ ਇਹ ਇੱਕ ਨੁਕਾਤੀ ਮੰਗ ਤੁਰੰਤ ਲਾਗੂ ਕਰਨ ’ਤੇ ਅੜੇ ਹੋਏ ਹਨ। ਦੋਵਾਂ ਆਗੂਆਂ ਦਾ ਅੱਜ ਤੀਜੇ ਦਿਨ ਵੀ ਟੈਂਕੀ ’ਤੇ ਧਰਨਾ ਜਾਰੀ ਰਿਹਾ। ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿਹਤ ਮੰਤਰੀ ਕਿਸੇ ਰੁਝੇਵੇਂ ਦੇ ਹਵਾਲੇ ਨਾਲ ਮੀਟਿੰਗ ’ਚ ਆਉਣ ਤੋਂ ਪੱਲਾ ਝਾੜ ਗਏ। ਪ੍ਰਧਾਨ ਨੇ ਹੋਰ ਕਿਹਾ ਕਿ ਪੰਜਾਬ ਭਰ ਵਿਚਲੇ ਜਿਹੜੇ 2000 ਦੇ ਕਰੀਬ ਨੌਜਵਾਨਾ ਨੇ ਮਲਟੀਪਰਪਜ਼ ਹੈਲਥ ਵਰਕਰ ਵਜੋਂ ਕੋਰਸ ਕੀਤਾ ਹੋਇਆ ਹੈ, ਉਨ੍ਹਾਂ ਵਿਚੋਂ 1650 ਨੌਜਵਾਨ ਓਵਰਏਜ ਹਨ, ਜਿਸ ਕਰਕੇ ਹੀ ਉਹ ਉਮਰ ਹੱਦ ’ਚ ਛੋਟ ਦੇ ਕੇ ਇਨ੍ਹਾਂ ਸਾਰੇ 2000 ਉਮੀਦਵਾਰਾਂ ਨੂੰ ਲਿਖਤੀ ਟੈਸਟ ਵਿੱਚ ਬੈਠਣ ਦੀ ਪ੍ਰਵਾਨਗੀ ਦੇਣ ਦੀ ਮੰਗ ਕਰ ਰਹੇ ਹਨ ਤੇ ਟੈਸਟ ਪਾਸ ਕਰਨ ਵਾਲਿਆਂ ਵਿਚੋਂ ਭਰਤੀ ਕਰ ਲਈ ਜਾਵੇ। ਇਸੇ ਦੌਰਾਨ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਉਹ ਹੁਣ ਆਰ ਪਾਰ ਦੀ ਲੜਾਈ ਲੜਨਗੇ। ਜ਼ਿਕਰਯੋਗ ਹੈ ਕਿ ਜਿੱਥੇ ਦੋ ਨੌਜਵਾਨ ਟੈਂਕੀ ਦੇ ਉਪਰ ਬੈਠੇ ਹਨ, ਉਥੇ ਹੀ ਉਨ੍ਹਾਂ ਦੇ ਸਾਥੀ ਢਿੱਲਵਾਂ ਦੀ ਅਗਵਾਈ ਹੇਠਾਂ ਟੈਂਕੀ ਦੇ ਹੇਠਾਂ ਡੇਰੇ ਲਾ ਕੇ ਬੈਠੇ ਹਨ।
