ਹਰਮੇਲ ਟੌਹੜਾ ਨੇ ਡਕਾਲਾ ਤੋਂ ਲੜੀ ਸੀ ਪਹਿਲੀ ਵਿਧਾਨ ਸਭਾ ਚੋਣ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਸਥਾਨਕ ਡਕਾਲਾ ਖੇਤਰ ਨਾਲ ਸਿਆਸੀ ਤੌਰ ’ਤੇ ਕਾਫੀ ਵਹਾਅ ਵਾਸਤਾ ਰਿਹਾ ਹੈ| ਜਾਣਕਾਰੀ ਅਨੁਸਾਰ ਹਰਮੇਲ ਸਿੰਘ ਟੌਹੜਾ ਨਾਭਾ ਨਜ਼ਦੀਕ ਪਿੰਡ ਥੂਹੀ ਵਿਚ 9 ਅਗਸਤ 1948 ਵਿਚ ਜਨਮੇ ਸਨ। ਉਨ੍ਹਾਂ ਅੱਜ 21 ਸਤੰਬਰ ਨੂੰ ਸ਼ਾਮ 6 ਵਜੇ ਫੋਰਟਿਸ ਹਸਪਤਾਲ ਵਿਚ ਆਖ਼ਰੀ ਸਾਹ ਲਏ। 1997 ਦੀ ਆਮ ਚੋਣ ਦੌਰਾਨ ਹਰਮੇਲ ਸਿੰਘ ਟੌਹੜਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਡਕਾਲਾ ਵਿਧਾਨ ਸਭਾ ਹਲਕਾ ਜਿਹੜਾ ਕਿ ਹੁਣ ਸਨੌਰ ਹਲਕੇ ’ਚ ਤਬੀਦਲ ਹੋ ਗਿਆ ਹੈ ਤੋਂ ਚੋਣ ਲੜੇ ਅਤੇ ਬਾਅਦ ’ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ-ਭਾਜਪਾ ਦੀ ਸਰਕਾਰ ਵਿੱਚ ਲੋਕ ਨਿਰਮਾਣ ਮੰਤਰੀ ਵਜੋਂ ਵਜ਼ਾਰਤ ’ਚ ਸ਼ਾਮਲ ਹੋਏ| ਸਵਾ ਕੁ ਸਾਲ ਬਾਅਦ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਰਮਿਆਨ ਸਿਆਸੀ ਵਖਰੇਵਾਂ ਪੈਦਾ ਹੋਣ ਮਗਰੋਂ ਹਰਮੇਲ ਸਿੰਘ ਟੌਹੜਾ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ| ਇਸ ਮਗਰੋਂ ਜਥੇਦਾਰ ਟੌਹੜਾ ਵੱਲੋਂ ਨਵੀਂ ਬਣਾਈ ਪਾਰਟੀ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ’ਚ ਕਾਰਜ਼ਸੀਲ ਰਹੇ| ਸਵਰਗੀ ਜਥੇਦਾਰ ਟੌਹੜਾ ਦੇ ਰਿਸ਼ਤੇ ’ਚੋਂ ਜਵਾਈ ਦੀ ਹੈਸੀਅਤ ’ਚ ਹਰਮੇਲ ਸਿੰਘ ਟੌਹੜਾ ਦਾ ਆਪਣੇ ਸਮੇਂ ਵੱਡਾ ਸਿਆਸੀ ਕੱਦ ਰਿਹਾ ਹੈ| ਸਿਆਸਤ ’ਚ ਆਉਣ ਤੋਂ ਪਹਿਲਾਂ ਉਹ ਸਰਕਾਰੀ ਮੁਲਾਜ਼ਮ ਵਜੋਂ ਵੀ ਤਾਇਨਾਤ ਰਹੇ| ਜਥੇਦਾਰ ਟੌਹੜਾ ਦੀ ਧੀ ਬੀਬੀ ਕੁਲਦੀਪ ਕੌਰ ਟੌਹੜਾ ਨੇ ਵੀ 2011 ’ਚ ਸ਼੍ਰੋਮਣੀ ਕਮੇਟੀ ਦੀ ਹੋਈ ਆਮ ਚੋਣ ਹਲਕਾ ਡਕਾਲਾ ਤੋਂ ਚੋਣ ਲੜੀ ਤੇ ਐੱਸਜੀਪੀਸੀ ਦੇ ਮੈਂਬਰ ਬਣੇ| ਹਰਮੇਲ ਸਿੰਘ ਟੌਹੜਾ ਦਾ ਪਰਿਵਾਰ 2016 ’ਚੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ ਤੇ ਬੀਬੀ ਕੁਲਦੀਪ ਕੌਰ ਟੌਹੜਾ ਨੇ ਹਲਕਾ ਡਕਾਲਾ ’ਚੋਂ ਤਬਦੀਲ ਹੋਏ ਵਿਧਾਨ ਸਭਾ ਹਲਕਾ ਸਨੌਰ ਤੋਂ ਚੋਣ ਲੜੀ ਪਰ ਕਾਮਯਾਬੀ ਨਾ ਮਿਲੀ। ਹਰਮੇਲ ਸਿੰਘ ਟੌਹੜਾ ਦੇ ਵੱਡੇ ਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ’ਚ ਸਰਗਰਮ ਹਨ, ਜਦੋਂ ਕਿ ਛੋਟੇ ਪੁੱਤਰ ਕੰਵਰਬੀਰ ਸਿੰਘ ਟੌਹੜਾ ਭਾਜਪਾ ’ਚ ਕਾਰਜਸ਼ੀਲ ਹਨ| ਭਾਜਪਾ ਦੇ ਜ਼ਿਲ੍ਹਾ ਦੱਖਣੀ ਦਿਹਾਤੀ ਦੇ ਪ੍ਰਧਾਨ ਹਰਮੇਸ਼ ਗੋਇਲ ਡਕਾਲਾ ਤੇ ਅਕਾਲੀ ਆਗੂ ਜੋਗਿੰਦਰ ਸਿੰਘ ਪੰਜਰਥ, ਗੁਰਧਿਆਨ ਸਿੰਘ ਭਾਨਰੀ ਤੇ ਲੋਕ ਭਲਾਈ ਪਾਰਟੀ ਦੇ ਆਗੂ ਜਨਕ ਰਾਜ ਕਲਵਾਣੂੰ ਨੇ ਦੁੱਖ ਪ੍ਰਗਟ ਕੀਤਾ ਹੈ।
ਟੌਹੜਾ ਦੇ ਭਲਕੇ ਕਰਵਾਏ ਜਾਣਗੇ ਅੰਤਮ ਦਰਸ਼ਨ
Advertisementਹਰਮੇਲ ਸਿੰਘ ਟੌਹੜਾ ਦੇ ਅੰਤਿਮ ਦਰਸ਼ਨ ਉਨ੍ਹਾਂ ਦੇ ਪਟਿਆਲਾ ਸਥਿਤ 22 ਨੰਬਰ ਫਾਟਕ ਕੋਲ ਘਰ ਵਿੱਚ ਹੋਣਗੇ, ਜਦ ਕਿ ਉਨ੍ਹਾਂ ਦਾ ਸਸਕਾਰ ਪਿੰਡ ਟੌਹੜਾ ਵਿੱਚ 23 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਜਥੇਦਾਰ ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣੇ ’ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਬੁਲਾਰੇ ਸਤਵਿੰਦਰ ਸਿੰਘ ਟੌਹੜਾ, ਸੁਰਜੀਤ ਸਿੰਘ ਗੜ੍ਹੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਲਖਬੀਰ ਸਿੰਘ ਲੌਟ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਭਾਜਪਾ ਆਗੂ ਗੁਰਜੀਤ ਸਿੰਘ ਕੋਹਲੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।