ਦਰਜਾ ਚਾਰ ਮੁਲਾਜ਼ਮਾਂ ਨੇ ਕਾਲੀ ਦੀਵਾਲੀ ਮਨਾਈ
ਪੰਜਾਬ ਸਰਕਾਰ ’ਤੇ ਮੁਲਾਜ਼ਮ ਦੀਆਂ ਮੰਗਾਂ ਨਾ ਮੰਨਣ ਦੇ ਦੋਸ਼ ਲਾਉਂਦਿਆਂ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੇ ਬੈਨਰ ਅਤੇ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਦਰਜਾ ਚਾਰ ਮੁਲਜ਼ਮਾਂ ਨੇ ਅੱਜ ਕਾਲੀ ਦੀਵਾਲੀ ਮਨਾਈ। ਇਸ ਦੌਰਾਨ ਕਾਲੇ ਚੋਲੇ ਪਾ ਕੇ ਸੂਬਾ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸ਼ਿਵ ਚਰਨ, ਇੰਦਰਪਾਲ ਵਾਲੀਆ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਪਰਮਜੀਤ ਸਿੰਘ, ਮੋਦ ਨਾਥ ਸ਼ਰਮਾ, ਅਮਰ ਨਾਥ, ਰਾਜ ਕੁਮਾਰ ਰਾਜੂ, ਬੀਰਪਾਲ ਸਿੰਘ, ਉਂਕਾਰ ਸਿੰਘ ਦਮਨ ਤੇ ਦਿਆ ਸ਼ੰਕਰ ਆਦਿ ਹਾਜ਼ਰ ਸਨ। ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਸਰਕਾਰ ਵੱਲੋਂ ਪੈਨਸ਼ਨਰਾਂ ਸਮੇਤ ਹਰ ਤਬਕੇ ਦੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਗੀ ਨਾ ਦਿਖਾਉਣ ਦੀ ਨਿੰਦਾ ਕੀਤੀ। ਬੁਲਾਰਿਆਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਚਾਰ ਸਾਲ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ’ਤੇ ਅੱਜ ਉਨ੍ਹਾਂ ਨੇ ਕਾਲੇ ਚੋਲੇ ਪਾ ਕੇ ਰੋਸ ਪ੍ਰਗਟ ਕੀਤਾ ਹੈ ਤਾਂ ਜੋ ਕਿਤੇ ਸਰਕਾਰ ਉਨ੍ਹਾਂ ਵੱਲ ਧਿਆਨ ਦੇ ਸਕੇੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।