ਸਰਪੰਚਾਂ ਦਾ ਬਕਾਇਆ ਮਾਣ ਭੱਤਾ ਤੁਰੰਤ ਜਾਰੀ ਕਰੇ ਸਰਕਾਰ: ਨੌਗਾਵਾਂ
ਸੂਬੇ ਦੇ ਸਰਪੰਚਾਂ ਨੂੰ ਪਿਛਲੀਆਂ ਦੋ ਟਰਮਾਂ ਤੋਂ ਵੱਖ ਵੱਖ ਬਕਾਇਆ ਮਾਣ ਭੱਤੇ ਜਾਰੀ ਕਰਵਾਉਣ ਲਈ ਜ਼ਿਲ੍ਹਾ ਪਟਿਆਲਾ ਦੀ ਪੰਚਾਇਤ ਯੂਨੀਅਨ (ਸਿਆਲੂ ਗਰੁੱਪ) ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਨੌਗਾਵਾਂ ਦੀ ਅਗਵਾਈ ਹੇਠ ਸਰਪੰਚਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ।
ਨੌਗਾਵਾਂ ਨੇ ਕਿਹਾ ਕਿ ਪੰਚਾਇਤ ਯੂਨੀਅਨ ਨੇ ਸੰਘਰਸ਼ ਲੜ ਕੇ 1200 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਲਾਗੂ ਕਰਵਾਇਆ ਸੀ ਪਰ ਸਰਪੰਚਾਂ ਦਾ 2013 ਤੋਂ 2018 ਵਾਲੀ ਟਰਮ ਦੇ ਸਵਾ ਤਿੰਨ ਸਾਲਾਂ ਸਮੇਤ 2018 ਤੋਂ 2023 ਵਾਲੀ ਟਰਮ ਦਾ ਮਾਣ ਭੱਤਾ ਵੀ ਸਰਕਾਰ ਵੱਲ ਬਕਾਇਆ ਰਹਿੰਦਾ ਹੈ। ਜਿਸ ਨੂੰ ਤੁਰੰਤ ਜਾਰੀ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਚੋਣਾ ਤੋਂ ਪਹਿਲਾਂ ਭਗਵੰਤ ਮਾਨ ਨੇ ਇਹ ਮਾਣ ਭੱਤਾ ਵਧਾਏ ਜਾਣ ਦੇ ਬਿਆਨ ਦਿੱਤੇ ਸਨ, ਜਿਨ੍ਹਾਂ ਨੂੰ ਅਮਲੀ ਜਾਮਾ ਪਹਿਨਾਏ ਜਾਣ ਦੀ ਜ਼ਰੂਰਕ ਹੈ। ਹਰਿਆਣਾ ਵਿੱਚ ਸਰਪੰਚਾਂ ਨੂੰ ਪਹਿਲਾਂ ਹੀ ਮਿਲਦਾ 3000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਵਧਾ ਕੇ 5000 ਕਰ ਦਿੱਤਾ ਹੈ। ਜਦੋਂਕਿ ਪੰਚਾਂ ਨੂੰ 1600 ਰੁਪਏ ਮਹੀਨਾ ਭੱਤਾ ਦਿੱਤਾ ਜਾ ਰਿਹਾ ਹੈ। ਇਸ ਲਈ ਪੰਜਾਬ ਦੇ ਸਰਪੰਚਾਂ ਦਾ ਮਾਣ ਭੱਤਾ ਵੀ 5000 ਅਤੇ ਪੰਚਾਂ ਦਾ 1600 ਰੁਪਏ ਮਹੀਨਾ ਕੀਤਾ ਜਾਵੇ। ਇਸਦੇ ਨਾਲ ਹੀ ਬਕਾਏ ਵੀ ਤੁਰੰਤ ਜਾਰੀ ਕੀਤੇ ਜਾਣ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਕਾਇਆ ਮਾਣ ਭੱਤਾ ਜਲਦੀ ਜਾਰੀ ਕਰਵਾਉਣ ਦਾ ਭਰੋਸਾ ਦਿੱਤਾ। ਯੂਨੀਅਨ ਆਗੂਆਂ ਨੇ ਡੀਡੀਪੀਓ ਨੂੰ ਵੀ ਵਾਕਫ਼ ਕਰਵਾਇਆ। ਇਸ ਮੌਕੇ ਕੁਲਦੀਪ ਸਿੰੰਘ ਸ਼ਮਸਪੁਰ ਬਲਾਕ ਪ੍ਰਧਾਨ ਪਟਿਆਲਾ, ਮਹਿੰਦਰ ਸਿੰਘ ਸਾਬਕਾ ਸਰਪੰਚ ਮਰਦਾਂਹੇੜੀ ਬਲਾਕ ਪ੍ਰਧਾਨ ਸਨੌਰ, ਰਾਮ ਲਾਲ ਸਾਬਕਾ ਡੇਰਾ ਮਰਦਾਂਹੇੜੀ, ਸਪਿੰਦਰ ਸਿੰਘ ਸਾਬਕਾ ਸਰਪੰਚ ਅਲੀਪੁਰ ਜੱਟਾਂ, ਚਰਨਜੀਤ ਸਿੰਘ ਸਾਬਕਾ ਸਰਪੰਚ ਦੌਲਤਪੁਰ, ਬਲਦੇਵ ਸਿੰਘ ਸਾਬਕਾ ਸਰਪੰਚ ਡੰਡੋਆ, ਮਾਨ ਸਿੰਘ ਸਾਬਕਾ ਸਰਪੰਚ ਹੁਸੈਨਪੁਰ ਜੌਲਾ ਆਦਿ ਵੀ ਹਾਜ਼ਰ ਸਨ।
