ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰ ਰਹੀ ਹੈ ਸਰਕਾਰ: ਬਲਬੀਰ ਸਿੰਘ
ਮੈਡੀਕਲ ਅਫ਼ਸਰਾਂ ਨੂੰ ਨਸ਼ਾ ਪੀਡ਼ਤਾਂ ਦੇ ਇਲਾਜ ਸਬੰਧੀ ਸਿਖਲਾਈ ਦੇ ਸਰਟੀਫਿਕੇਟ ਵੰਡੇ
Advertisement
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਸਟਾਫ਼ ਨੂੰ ਨਸ਼ਾ ਪੀੜਤਾਂ ਦੇ ਇਲਾਜ ਲਈ ਇਕਸਾਰ ਵਿਧੀ ਅਪਣਾਉਣ ਲਈ ਸੂਬੇ ਭਰ ਵਿੱਚ ਸਿਖਲਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਨਸ਼ਾ ਛੱਡਣ ਵਾਲੇ ਵਿਅਕਤੀ ਨੂੰ ਭਾਵੇਂ ਉਹ ਸੂਬੇ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਹੋਵੇ, ਉਹ ਹੀ ਇਲਾਜ ਮਿਲੇ ਜੋ ਕਿਸੇ ਵੱਡੇ ਹਸਪਤਾਲ ਵਿੱਚ ਦਿੱਤਾ ਜਾ ਰਿਹਾ ਹੈ। ਸਿਹਤ ਮੰਤਰੀ ਅੱਜ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਮੈਡੀਕਲ ਅਫ਼ਸਰਾਂ ਦੀ ਸਮਰੱਥਾ ਨਿਰਮਾਣ ਸਿਖਲਾਈ (ਨਸ਼ਾ ਪੀੜਤਾਂ ਦੇ ਇਲਾਜ ਲਈ ਅਗਲੇ ਪੱਧਰ ਦੀ ਸਿਖਲਾਈ) ਦੇ ਸਮਾਪਤੀ ਸਮਾਰੋਹ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਖ਼ਾਤਮੇ ਦੇ ਕੰਢੇ ’ਤੇ ਆ ਗਿਆ ਹੈ ਜਦ ਕਿ ਗੁਆਂਢੀ ਸੂਬਿਆਂ ਵਿਚ ਨਸ਼ਾ ਵਿਕਰਾਲ ਰੂਪ ਧਾਰ ਰਿਹਾ ਹੈ ਜਿਸ ਕਰਕੇ ਪੰਜਾਬ ਨੂੰ ਵੀ ਖ਼ਤਰਾ ਹੈ। ਇਸ ਕਰਕੇ ਨਸ਼ਾ ਛੱਡ ਰਹੇ ਸੰਵੇਦਨਸ਼ੀਲ ਬੱਚਿਆਂ ਨੂੰ ਹੁਣ ਗੁਆਂਢੀਆਂ ਤੋਂ ਸੰਭਾਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਡੀਕਲ ਅਫ਼ਸਰ, ਕੌਂਸਲਰ, ਪੁਲੀਸ ਮੁਲਾਜ਼ਮ ਅਤੇ ਮਨੋਵਿਗਿਆਨੀਆਂ ਨੂੰ ਪ੍ਰਭਾਵਸ਼ਾਲੀ, ਹਮਦਰਦੀ ਅਤੇ ਪੇਸ਼ੇਵਰ ਦੇਖਭਾਲ ਪ੍ਰਦਾਨ ਕਰਨ ਲਈ ਨਵੀਨਤਮ ਸਿਖਲਾਈ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਆਰਪੀਐੱਸ ਸੀਬੀਆ, ਮੈਡੀਕਲ ਸੁਪਰਡੈਂਟ ਵਿਸ਼ਾਲ ਚੋਪੜਾ, ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ, ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਡਾ. ਰਜਨੀਸ਼ ਸਮੇਤ ਸੰਗਰੂਰ, ਮਾਨਸਾ ਦੇ ਮੈਡੀਕਲ ਅਫ਼ਸਰ ਵੀ ਮੌਜੂਦ ਸਨ।
Advertisement
Advertisement