ਲੋਕਾਂ ਨੂੰ ਫੰਡਾਂ ਬਾਰੇ ਗੁੰਮਰਾਹ ਕਰ ਰਹੀ ਹੈ ਸਰਕਾਰ: ਅਸ਼ਵਨੀ ਸ਼ਰਮਾ
ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਹਲਕਾ ਘਨੌਰ ਦੇ ਹੜ੍ਹ ਪੀੜਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਹੜ੍ਹਾਂ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਨਾਲ ਹੈ ਅਤੇ ਹਰ ਸੰਭਵ ਮਦਦ ਕਰੇਗੀ। ਇਸ ਤੋਂ ਪਹਿਲਾਂ ਸ੍ਰੀ ਸ਼ਰਮਾ ਗੁਰਦੁਆਰਾ ਸ੍ਰੀ ਭਗਤ ਧੰਨਾ ਵਿੱਚ ਨਤਮਸਤਕ ਹੋਏ ਜਿੱਥੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਸਿਹਤਯਾਬੀ, ਤੰਦਰੁਸਤੀ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ। ਇਸ ਉਪਰੰਤ ਪਿੰਡ ਸਰਾਲਾ ਕਲਾਂ ਅਤੇ ਸਰਾਲਾ ਖ਼ੁਰਦ ਵਿੱਚ ਲੋਕਾਂ ਨੂੰ ਰਾਸ਼ਨ ਵੰਡਿਆ। ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿਚੋਂ ਬਾਹਰ ਕੱਢਣ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਇਕ ਵਿਅਕਤੀ ਦੀ ਅਪਰਾਧ ਦੀ ਸਜ਼ਾ ਪੂਰੇ ਭਾਈਚਾਰੇ ਨੂੰ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਜੇਕਰ ਸਰਕਾਰੀ ਅਧਿਕਾਰੀ ਕੋਈ ਮਦਦ ਨਹੀਂ ਕਰਦੇ ਤਾਂ ਭਾਜਪਾ ਵਰਕਰ ਖ਼ੁਦ ਲੋਕਾਂ ਦੇ ਫਾਰਮ ਭਰ ਕੇ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਗੇ ਤਾਂ ਜੋ ਸਹੀ ਲੋਕਾਂ ਤੱਕ ਸਹਾਇਤਾ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਈ ਆਫ਼ਤ ਲਈ ਪੰਜਾਬ ਦੇ ਅਧਿਕਾਰੀਆਂ ਨੇ ਖ਼ੁਦ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੱਸਿਆ ਸੀ ਕਿ ਪੰਜਾਬ ਨੂੰ ਲਗਭਗ 13,600 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਵਿੱਚੋਂ 12000 ਕਰੋੜ ਰੁਪਏ ਪਹਿਲਾਂ ਹੀ ਪੰਜਾਬ ਨੂੰ ਦਿੱਤੇ ਜਾ ਚੁੱਕੇ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ 1,600 ਕਰੋੜ ਰੁਪਏ ਦੀ ਪੂਰੀ ਸਹਾਇਤਾ ਦਾ ਐਲਾਨ ਕੀਤਾ ਪਰ ਪੰਜਾਬ ਸਰਕਾਰ ਦੇ ਮੰਤਰੀ ਇਹ ਕਹਿ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਪੰਜਾਬ ਕੋਲ ਪੈਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਪੈਸਾ ਹੈ, ਪਰ ਨੁਕਸਾਨ ਝੱਲਣ ਵਾਲੇ ਲੋਕਾਂ ਨੂੰ ਮਦਦ ਕਿਵੇਂ ਮਿਲ ਸਕਦੀ ਹੈ ਅਤੇ ਉਸ ਪੈਸੇ ਨੂੰ ਕਿਸ ਤਰ੍ਹਾਂ ਵਰਤਿਆ ਜਾ ਸਕਦਾ ਹੈ, ਉਸ ਦੇ ਅਧਿਕਾਰ ਵੀ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਹਨ। ਇਸ ਦੌਰਾਨ ਭਾਜਪਾ ਆਗੂ ਨੇ ਕਿਹਾ ਕਿ ਉਹ ਘੱਗਰ ਦਰਿਆ ਦੇ ਢੁੱਕਵਾਂ ਹੱਲ ਨੂੰ ਯਕੀਨੀ ਬਣਾਉਣਗੇ ਤਾਂ ਜੋ ਹੋਰ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ, ਹਲਕਾ ਇੰਚਾਰਜ ਵਿਕਾਸ ਸ਼ਰਮਾ, ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਮੈਂਬਰਸ਼ਿਪ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ, ਰਜਿੰਦਰ ਤਲਵਾੜ ਲੱਕੀ ਤੇ ਸੰਜੀਵ ਮਿੱਤਲ ਆਦਿ ਹਾਜ਼ਰ ਸਨ।