ਮਹਿੰਦਰਾ ਕਾਲਜ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵਚਨਬੱਧ: ਬੈਂਸ
ਪੰਜਾਬ ਦੇ ਉੱਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਵਿਰਾਸਤੀ ਧਰੋਹਰ ਸਰਕਾਰੀ ਮਹਿੰਦਰਾ ਕਾਲਜ ਨੂੰ ਹੋਰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ 150 ਸਾਲ ਦੇ ਸ਼ਾਨਾਮੱਤੇ ਇਤਿਹਾਸ ਦੇ ਪ੍ਰਤੀਕ ਸਰਕਾਰੀ ਮਹਿੰਦਰਾ ਕਾਲਜ ਦੀ ਬਿਹਤਰੀ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਉਹ ਅੱਜ ਸਰਕਾਰੀ ਮਹਿੰਦਰਾ ਕਾਲਜ ਦੇ 150 ਸਾਲਾ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਉਚੇਰੀ ਸਿੱਖਿਆ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਵੀ ਮੌਜੂਦ ਸਨ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਸੰਸਥਾ ਨੇ ਪੰਜਾਬੀਆਂ ਨੂੰ ਸਿੱਖਿਅਤ ਕਰਕੇ ਸਮੇਂ ਦਾ ਹਾਣੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਮਾਰੋਹ ਵਿਚ ਕਾਲਜ ਦੇ ਪੁਰਾਣੇ ਵਿਦਿਆਰਥੀ ਬਹਾਦਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਕਾਲਜ ਦੇ 150 ਸਾਲਾ ਸਫ਼ਰ ਨੂੰ ਬਿਆਨਦੀ ਦਸਤਾਵੇਜ਼ੀ ਰਿਲੀਜ਼ ਕੀਤੀ ਗਈ ਅਤੇ ਸੋਵੀਨਰ ਜਾਰੀ ਕੀਤਾ ਗਿਆ। ਇਸ ਦੌਰਾਨ ਸਾਬਕਾ ਰਾਜ ਸਭਾ ਮੈਂਬਰ ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤ੍ਰਿਲੋਚਨ ਸਿੰਘ ਨੇ ਕਾਲਜ ਵਿੱਚ ਪੜ੍ਹਦਿਆਂ ਕਾਲਜ ਵਿੱਚ ਬਿਤਾਏ ਦਿਨਾਂ ਨੂੰ ਯਾਦ ਕੀਤਾ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਸਹਾਇਕ ਪ੍ਰੋ. ਡਾ. ਮੁਹੰਮਦ ਸੋਹੇਲ ਨੇ ਬਾਖੂਬੀ ਕੀਤਾ। ਸਮਾਗਮ ਵਿੱਚ ਜਗਤ ਗੁਰੂ ਨਾਨਕ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰਤਨ ਸਿੰਘ, ਮਨਵੇਸ਼ ਸਿੰਘ ਸਿੱਧੂ, ਨਵਰੀਤ ਕੌਰ ਸੇਖੋਂ, ਚਰਨਜੋਤ ਸਿੰਘ ਵਾਲੀਆ ਤੇ ਕਾਲਜ ਦੇ ਸਾਬਕਾ ਪ੍ਰਿੰਸੀਪਲ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਜਾਣਕਾਰੀ ਅਨੁਸਾਰ ਸਫ਼ਰ-ਏ-ਫ਼ਖਰ ਸਮਾਗਮ ਦੌਰਾਨ ਸਨਮਾਨਿਤ ਵਿੱਚ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਜਸਟਿਸ ਐੱਮਆਰ ਅਗਨੀਹੋਤਰੀ, ਜਸਟਿਸ ਗੁਰਬੀਰ ਸਿੰਘ, ਸਾਬਕਾ ਡੀਜੀਪੀ ਐੱਮਪੀ ਐੱਸ. ਔਲਖ, ਜਗਜੀਤ ਪੁਰੀ (ਆਈਏਐੱਸ), ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਉਜਾਗਰ ਸਿੰਘ, ਜੁਆਇੰਟ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਇਸ਼ਿਵੰਦਰ ਸਿੰਘ ਗਰੇਵਾਲ, ਪ੍ਰੋ. ਜੀਐਸ ਰਾਹੀ, ਪ੍ਰੋ. ਗੁਰਮੋਹਨ ਸਿੰਘ ਵਾਲੀਆ, ਮੇਜਰ ਜਨਰਲ ਜੀਐੱਸ ਸਿੱਧੂ ਤੇ ਸੇਵਾਮੁਕਤ ਆਈਜੀ ਪੀਐੱਸ ਗਿੱਲ, ਦਲਜੀਤ ਰਾਣਾ ਤੇ ਅਮਰਜੀਤ ਸਿੰਘ ਕਾਲੇਕਾ ਆਦਿ ਸਨਮਾਨ ਕੀਤਾ ਗਿਆ।