ਘੱਗਰ ਦਾ ਪਾਣੀ ਖੇਤਾਂ ’ਚ ਦਾਖ਼ਲ
ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵਧਣ ਕਾਰਨ ਫ਼ਸਲਾਂ ਹੜ੍ਹ ਦੀ ਮਾਰ ਹੇਠ ਆ ਗਈਆਂ ਹਨ ਅਤੇ ਪੰਜਾਬ ਦੇ ਪਿੰਡ ਹਰਚੰਦਪੁਰਾ, ਬਾਦਸ਼ਾਹਪੁਰ ਅਤੇ ਰਾਮਪੁਰ ਪੜਤਾ ਦੇ ਲਗਪਗ 1500 ਏਕੜ ਰਕਬੇ ਵਿੱਚ ਪਾਣੀ ਭਰ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਖਨੌਰੀ ਹੈੱਡਵਰਕਸ ’ਤੇ ਬੁਰਜੀ ਨੰਬਰ ਆਰਡੀ 460 ’ਤੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ 748 ਨੂੰ ਪਾਰ 750.6 ’ਤੇ ਪਹੁੰਚ ਗਿਆ ਜੋ ਕੱਲ੍ਹ 750.5 ਸੀ। ਦੂਜੇ ਪਾਸੇ ਕਿਸਾਨਾਂ ਵੱਲੋਂ ਲਗਾਤਾਰ ਬੰਨ੍ਹ ਮਜ਼ਬੂਤ ਕੀਤੇ ਜਾ ਰਹੇ ਹਨ। ਉਕਤ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਘੱਗਰ ਦਰਿਆ ਦੇ ਇੱਕ ਪਾਸੇ ਭਾਵ ਕਿ ਪੰਜਾਬ ਵਾਲੇ ਪਾਸੇ ਬੰਨ੍ਹ ਹੈ, ਜਦੋਂ ਕਿ ਰਾਮਪੁਰ ਪੜਤਾ ਵਾਲੇ ਪਾਸੇ ਕੋਈ ਬੰਨ੍ਹ ਨਾ ਹੋਣ ਕਾਰਨ ਘੱਗਰ ਦਰਿਆ ਦਾ ਪਾਣੀ ਉਵਰਫਲੋਅ ਹੋ ਕੇ ਖੇਤਾਂ ਵਿੱਚ ਦਾਖ਼ਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦੇ ਦੂਸਰੇ ਪਾਸੇ ਹਰਚੰਦਪੁਰਾ ਦਾ ਬਹੁਤ ਸਾਰਾ ਰਕਬਾ ਪਿਛਲੇ ਕਈ ਦਿਨਾਂ ਤੋਂ ਪਾਣੀ ਵਿੱਚ ਡੁੱਬਿਆ ਹੋਇਆ ਹੈ। ਅੱਜ ਬਾਦਸ਼ਾਹਪੁਰ ਦੇ ਪੁਲ ਦੇ ਦੂਸਰੇ ਪਾਸੇ ਰਾਮਪੁਰ ਪੜਤੇ ਨੂੰ ਜਾਣ ਵਾਲੀ ਸੜਕ ਤੋਂ ਘੱਗਰ ਦਾ ਪਾਣੀ ਪਾਰ ਹੋ ਕੇ ਨੀਵੇਂ ਖੇਤਾਂ ਵਿੱਚ ਦਾਖ਼ਲ ਹੋ ਗਿਆ। ਪਿੰਡਾਂ ਦੇ ਲੋਕਾਂ ਨੇ ਦੱਸਿਆ ਹੈ ਕਿ ਗੋਭ ਵਿੱਚ ਆਈ ਝੋਨੇ ਦੀ ਫ਼ਸਲ ਲਈ ਇਹ ਪਾਣੀ ਬੜਾ ਘਾਤਕ ਸਿੱਧ ਹੋਵੇਗਾ। ਰਾਮਪੁਰ ਪੜਤਾ ਦੇ ਲੋਕਾਂ ਨੇ ਦੱਸਿਆ ਹੈ ਕਿ 2023 ਵਿੱਚ ਆਏ ਹੜ੍ਹ ਦੇ ਕਾਰਨ ਉਨ੍ਹਾਂ ਦੇ ਪਿੰਡ ਨੂੰ ਵੱਡਾ ਨੁਕਸਾਨ ਚੁੱਕਣਾ ਪਿਆ ਸੀ ਜਿੱਥੇ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋਈ ਸੀ, ਉਥੇ ਕੁਝ ਲੋਕਾਂ ਦੇ ਘਰ ਪਾਣੀ ਕਾਰਨ ਢਹਿਣ ਕਰਕੇ ਜਾਨੀ ਮਾਲੀ ਨੁਕਸਾਨ ਵੀ ਹੋਇਆ ਸੀ, ਉਦੋਂ ਦੀ ਟੁੱਟੀ ਸੜਕ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਨਹੀਂ ਬਣੀ।
ਉਨ੍ਹਾਂ ਦੱਸਿਆ ਹੈ ਕਿ ਉਸ ਸਮੇਂ ਦੁਬਾਰਾ ਝੋਨਾ ਲਾ ਲੈਣ ਕਾਰਨ ਉਹ ਕੁੱਝ ਨਾ ਕੁੱਝ ਭਰਪਾਈ ਕਰਨ ਵਿੱਚ ਸਫਲ ਹੋਏ ਸਨ, ਇਸ ਵਾਰ ਉਨ੍ਹਾਂ ਕੋਲ ਕੋਈ ਵਿਕਲਪ ਬਾਕੀ ਨਹੀਂ।
ਹਰਚੰਦਪੁਰਾ ਬੰਨ੍ਹ ਨੂੰ ਬਚਾਉਣ ਲਈ ਸੰਘਰਸ਼
ਕਿਸਾਨ ਜੋਗਿੰਦਰ ਸਿੰਘ ਢਿੱਲੋਂ, ਗੁਰਚਰਨ ਸਿੰਘ ਰਸੋਲੀ, ਯੁਵਰਾਜ ਸਿੰਘ ਬਾਠ, ਯਾਦਵਿੰਦਰ ਸਿੰਘ ਬੁੱਟਰ, ਰਮਨ ਸਿੰਘ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਕਿਸਾਨਾਂ ਵੱਲੋਂ ਆਪਣੇ ਤੌਰ ’ਤੇ ਹੜ੍ਹ ਰੋਕਣ ਲਈ ਪਿੰਡ ਹਰਚੰਦਪੁਰਾ ਵਾਲੇ ਪਾਸੇ ਦੇ ਬੰਨ੍ਹ ਨੂੰ ਬਚਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਹਫਤੇ ਤੋਂ ਘੱਗਰ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿਣ ਕਾਰਨ ਬੰਨ੍ਹ ਕਮਜ਼ੋਰ ਹੋ ਰਹੇ ਹਨ। ਬੰਨ੍ਹ ਦੇ ਕੋਲ ਝੋਨਾ ਲੱਗਿਆ ਹੋਣ ਕਾਰਨ ਮਿੱਟੀ ਨਾ ਮਿਲਣ ਕਰਕੇ ਹੜ੍ਹ ਦਾ ਖਤਰਾ ਵਧ ਰਿਹਾ ਹੈ। ਪਿੰਡ ਹਰਚੰਦਪੁਰਾ ਦੇ ਕਿਸਾਨਾਂ ਨੇ ਮਿੱਟੀ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਹੈ ਕਿ ਚਾਰ ਟਰਾਲੀਆਂ ਮਿੱਟੀ ਦੇ ਭਰੇ ਥੈਲਿਆਂ ਨਾਲ ਭੇਜੀਆਂ ਹਨ ਤਾਂ ਕਿ ਹੜ੍ਹ ਦੇ ਸੰਭਾਵੀ ਖਤਰੇ ਨੂੰ ਟਾਲਿਆ ਜਾ ਸਕੇ।
ਘੱਗਰ ਦੀ ਸਮੱਸਿਆ ਦੇ ਹੱਲ ਲਈ ਹਰਿਆਣਾ ਸਰਕਾਰ ਸਹਿਯੋਗ ਕਰੇ: ਗੋਇਲ
ਮੂਨਕ (ਕਰਮਵੀਰ ਸਿੰਘ ਸੈਣੀ): ਕੈਬਨਿਟ ਮੰਤਰੀ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਯੋਗਦਾਨ ਪਾਉਣ, ਹਰੀ ਕ੍ਰਾਂਤੀ ਤਹਿਤ ਦੇਸ਼ ਦੇ ਅਨਾਜ ਭੰਡਾਰ ਭਰਨ ਅਤੇ ਦੇਸ਼ ਦੀ ਰਾਖੀ ਲਈ ਸਰਹੱਦਾਂ ’ਤੇ ਸਭ ਤੋਂ ਵੱਧ ਜਾਨਾਂ ਵਾਰਨ ਵਾਲੇ ਪੰਜਾਬ ਦਾ ਅੱਜ ਜਦੋਂ ਹੜ੍ਹਾਂ ਦੀ ਮਾਰ ਕਾਰਨ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਸਿਰਫ਼ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਐਲਾਨਕੇ ਪੰਜਾਬ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਬਰਿੰਦਰ ਗੋਇਲ ਅੱਜ ਕੜੈਲ, ਮੂਨਕ, ਫੂਲਦ ਸਮੇਤ ਘੱਗਰ ਦਰਿਆ ਨੇੜਲੇ ਵੱਖ-ਵੱਖ ਪਿੰਡਾਂ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਪੰਜਾਬ ਸਰਕਾਰ ਨਾਲ ਸਹਿਯੋਗ ਕਰੇ ਤਾਂ ਘੱਗਰ ਦੀ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਹੋ ਸਕਦਾ ਹੈ। ਇਸ ਲਈ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਰਿਆਣਾ ਸਰਕਾਰ ਨੂੰ ਇਸ ਮਾਮਲੇ ਸਬੰਧੀ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ। ਗੋਇਲ ਨੇ ਕਿਹਾ ਕਿ ਲੋਕਾਂ ਨੂੰ ਘੱਗਰ ਦਰਿਆ ਦੀ ਮਾਰ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ, ਜਿਨ੍ਹਾਂ ਸਦਕਾ ਪਿਛਲੇ 8 ਦਿਨ ਤੋਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਦੇ ਬਾਵਜੂਦ ਘੱਗਰ ਦਰਿਆ ਨੇੜਲੇ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਇਸ ਦੀ ਮਾਰ ਤੋਂ ਬਚੇ ਹੋਏ ਹਨ। ਦੂਜਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ, ਜਿੱਥੇ ਕਿਤੇ ਵੀ ਬੋਰੀਆਂ ਲਾਉਣ ਜਾਂ ਹੋਰ ਕਿਸੇ ਵੀ ਕਿਸਮ ਦਾ ਕਾਰਜ ਕਰਨ ਦੀ ਲੋੜ ਪੈਂਦੀ ਹੈ, ਉਹ ਫੌਰੀ ਕੀਤਾ ਜਾਂਦਾ ਹੈ। ਘੱਗਰ ਦਰਿਆ ’ਤੇ ਹਰ ਕਿਲੋਮੀਟਰ ’ਤੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਦਿੱਕਤ ਆਉਣ ‘ਤੇ ਫੌਰੀ ਉਸ ਦਾ ਹੱਲ ਕੀਤਾ ਜਾ ਸਕੇ। ਇਸ ਮੌਕੇ ਰਿੰਕੂ ਕੁਦਨੀ, ਅਰੁਣ ਜਿੰਦਲ, ਜਗਸੀਰ ਮਲਾਣਾ, ਮਿੱਠੂ ਸੈਣੀ, ਜੋਨੀ ਅਰੋੜਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।