ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਣੀ ਵਧਣ ਕਾਰਨ ਘੱਗਰ ਦੇ ਬੰਨ੍ਹ ਕਮਜ਼ੋਰ

ਖ਼ਤਰੇ ਦੇ ਨਿਸ਼ਾਨ ਤੋਂ ਢਾਈ ਫੁੱਟ ਉੱਪਰ ਵਗ ਰਿਹਾ ਹੈ ਪਾਣੀ; ਖੇਤਰ ’ਚ ਹਡ਼੍ਹ ਦਾ ਖ਼ਤਰਾ
ਘੱਗਰ ਦਾ ਬੰਨ੍ਹ ਮਜ਼ਬੂਤ ਕਰਨ ਵਿੱਚ ਜੁਟੇ ਕਿਸਾਨ।
Advertisement

ਘੱਗਰ ਦਰਿਆ ’ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਥਾਂ-ਥਾਂ ਤੋਂ ਬੰਨ੍ਹ ਕਮਜ਼ੋਰ ਹੋ ਗਏ ਹਨ ਅਤੇ ਨੇੜਲੇ ਪਿੰਡਾਂ ’ਚ ਹੜ੍ਹ ਦਾ ਖ਼ਤਰਾ ਹੈ। ਫ਼ਸਲਾਂ ਨੂੰ ਬਚਾਉਣ ਲਈ ਕਿਸਾਨ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ। ਘੱਗਰ ਦੇ ਖਨੌਰੀ ਹੈੱਡਵਰਕਸ ’ਤੇ ਬੁਰਜੀ ਨੰਬਰ ਆਰਡੀ 460 ’ਤੇ ਪਾਣੀ ਖ਼ਤਰੇ ਦੇ ਨਿਸ਼ਾਨ 748 ਤੋਂ ਢਾਈ ਫੁੱਟ ਉਪਰ 750.7 ’ਤੇ ਪਹੁੰਚ ਗਿਆ ਹੈ ਤੇ ਬੰਨ੍ਹਾਂ ਨੂੰ ਕਮਜ਼ੋਰ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤੇਈਪੁਰ ਨੇੜੇ ਜੰਮੂ-ਕੱਟੜਾ ਐਕਸਪ੍ਰੈੱਸ ਵੇਅ ਦੇ ਨਿਰਮਾਣ ਦੌਰਾਨ ਘੱਗਰ ਦਰਿਆ ਦੇ ਦੋਵੇਂ ਪਾਸੇ ਦੇ ਬੰਨ੍ਹਾਂ ਨੂੰ ਢਾਹ ਲਾਈ ਗਈ ਸੀ ਜਿਸ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਅਗਵਾਈ ਵਿੱਚ ਲਗਾਤਾਰ ਪੱਕਾ ਮੋਰਚਾ ਚੱਲ ਰਿਹਾ ਹੈ। ਘੱਗਰ ਦਰਿਆ ਦੇ ਆਸ ਪਾਸ ਵੱਸਦੇ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਵੱਲੋਂ ਘੱਗਰ ਦੇ ਬੰਨ੍ਹ ਨੂੰ ਦਿਨ ਰਾਤ ਟਰੈਕਟਰਾਂ, ਟਰਾਲੀਆਂ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਪਿੰਡ ਤੇਈਪੁਰ, ਸਾਗਰਾ, ਮੋਦੀ, ਕਾਗਥਲਾ, ਗੁਰਨਾਨਕਪੁਰਾ, ਗੁਲਜ਼ਾਰਪੁਰਾ, ਸ਼ੇਰਗੜ੍ਹ, ਢਾਬੀ ਗੁੱਜਰਾਂ, ਖਨੌਰੀ ਆਦਿ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਨਿਰਮਾਣ ਅਧੀਨ ਜੰਮੂ-ਕੱਟੜਾ ਐਕਸਪ੍ਰੈੱਸ ਵੇਅ ਘੱਗਰ ਦਰਿਆ ਦੇ ਉਪਰੋਂ ਲੰਘ ਰਿਹਾ ਹੈ। ਪੱਕੇ ਮੋਰਚੇ ਦੀ ਅਗਵਾਈ ਕਰਦੇ ਵਰਿਆਮ ਸਿੰਘ, ਸੁਖਵਿੰਦਰ ਸਿੰਘ, ਵਿਕਰਮ ਸਿੰਘ ਅਰਨੌਂ, ਗੁਰਮੀਤ ਸਿੰਘ, ਹਰਮੀਤ ਸਿੰਘ ਤੇ ਹਰਜੀਤ ਸਿੰਘ ਦੋਸ਼ ਲਾਇਆ ਕਿ ਐਕਸਪ੍ਰੈੱਸ ਵੇਅ ਦੇ ਠੇਕੇਦਾਰਾਂ ਨੇ ਸਰਕਾਰੀ ਬੰਨ੍ਹ ਦੀ ਮਿੱਟੀ ਹਾਈਵੇਅ ’ਤੇ ਵਰਤ ਕੇ ਉਨ੍ਹਾਂ ਲਈ ਮੁਸੀਬਤ ਖੜ੍ਹੀ ਕੀਤੀ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਪ੍ਰਸ਼ਾਸਨ ਨਾਲ ਕੁਝ ਦਿਨਾਂ ਪਹਿਲਾਂ ਸਮਝੌਤਾ ਹੋਇਆ ਸੀ ਕਿ ਕੰਮ ਸਹੀ ਤਰੀਕੇ ਤੇ ਤੇਜ਼ੀ ਨਾਲ ਕੀਤਾ ਜਾਵੇਗਾ ਉਸ ਸਮਝੌਤੇ ’ਤੇ ਕੋਈ ਅਮਲ ਨਹੀਂ ਹੋਇਆ ਸਗੋਂ ਠੇਕੇਦਾਰਾਂ ਨੇ ਰਫ਼ਤਾਰ ਘਟਾ ਦਿੱਤੀ ਹੈ। ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਤੇਜ਼ ਕਰਨਾ ਪਿਆ ਹੈ ਕਿਉਂਕਿ ਇਲਾਕੇ ਦੇ ਕਿਸਾਨਾਂ ਨੂੰ ਹੜ੍ਹ ਦਾ ਡਰ ਸਤਾ ਰਿਹਾ ਹੈ । ਕਿਸਾਨਾਂ ਦਾ ਕਹਿਣਾ ਹੈ ਜਦੋਂ ਤੱਕ ਬੰਨ੍ਹ ਦਾ ਕੰਮ ਨੇਪਰੇ ਨਹੀਂ ਚੜ੍ਹਦਾ ਉਦੋਂ ਤਕ ਉਨ੍ਹਾਂ ਦਾ ਪੱਕਾ ਮੋਰਚਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਹੈ ਕਿ ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ, ਡਰੇਨ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ, ਐੱਸਡੀਓ ਗੁਲਸ਼ਨ ਕੁਮਾਰ ਅਤੇ ਹਲਕਾ ਵਿਧਾਇਕ ਦੇ ਪੁੱਤਰ ਨੇ ਮੌਕੇ ’ਤੇ ਪਹੁੰਚ ਕੇ ਵਿਸ਼ਵਾਸ ਦਿਵਾਇਆ ਸੀ ਕਿ ਕੰਮ ਪਹਿਲ ਦੇ ਆਧਾਰ ’ਤੇ ਨੇਪਰੇ ਚਾੜ੍ਹਿਆ ਜਾਵੇਗਾ ਪਰ ਹੋਇਆ ਕੁੱਝ ਵੀ ਨਹੀਂ। ਕਿਸਾਨ ਹਰਜਿੰਦਰ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ ਮਤਲੀ, ਮਨਜੀਤ ਸਿੰਘ, ਸੁਰਤਾ ਰਾਮ, ਅਜੀਤ ਸਿੰਘ ਤੇ ਕੁਲਬੀਰ ਸਿੰਘ ਦੱਸਿਆ ਕਿ ਸਮਾਂ ਰਹਿੰਦੇ ਜੇਕਰ ਘੱਗਰ ਦੇ ਦੋਵੇ ਪਾਸਿਆਂ ਦੇ ਬੰਨ੍ਹ ਮਜ਼ਬੂਤ ਨਾ ਕਰਦੇ ਤਾਂ ਘੱਗਰ ਦਰਿਆ ਨੇ ਜ਼ਿਲ੍ਹਾ ਪਟਿਆਲਾ ਤੇ ਸੰਗਰੂਰ ਦੇ ਦਰਜਨਾਂ ਪਿੰਡਾਂ ਹਜ਼ਾਰਾਂ ਏਕੜ ਫ਼ਸਲਾਂ ਹੁਣ ਤੱਕ ਤਬਾਹ ਕਰ ਦੇਣੀ ਸੀ। ਉਨ੍ਹਾਂ ਕਿਹਾ ਹੈ ਕਿ ਕਿਸਾਨਾਂ ਨੇ ਜੇਸੀਬੀ ਮਸ਼ੀਨ, ਟਰੈਕਟਰ ਟਰਾਲੀਆਂ ਦੀ ਵਰਤੋਂ ਦਿਨ ਰਾਤ ਦੀ ਸਖ਼ਤ ਮਿਹਨਤ ਕਰਨੀ ਪਈ ਹੈ। ਉਨ੍ਹਾਂ ਦੱਸਿਆ ਹੈ ਕਿ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪਟਿਆਲਾ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ ਪਹਿਲ ਕਦਮੀ ਕਰਦੇ ਬੰਨ੍ਹ ਦੀ ਮਜ਼ਬੂਤੀ ਲਈ ਡੀਜ਼ਲ ਮੁੱਹਈਆ ਕਰਵਾਇਆ ਸੀ। ਤਿੰਨ ਦਿਨ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਥੇ ਆ ਕੇ ਬੰਨ੍ਹ ਦੀ ਮਜ਼ਬੂਤੀ ਲਈ 3 ਲੱਖ ਰੁਪਏ ਅਤੇ 9000 ਲਿਟਰ ਡੀਜ਼ਲ ਦਿੱਤਾ ਹੈ ਜੋ ਉਨ੍ਹਾਂ ਕੋਲ ਪਹੁੰਚ ਚੁਕਾ ਹੈ ਜਦੋਂ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ।

ਜੱਜਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

Advertisement

ਪਟਿਆਲਾ (ਪੱਤਰ ਪ੍ਰੇਰਕ): ਹਾਈ ਕੋਰਟ ਦੇ ਹੁਕਮਾਂ ’ਤੇ ਜ਼ਿਲ੍ਹਾ ਅਦਾਲਤ ਪਟਿਆਲਾ ਦੇ ਜੱਜਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਜਾਣਕਾਰੀ ਅਨੁਸਾਰ ਜ਼ਿਲ੍ਹਾ ਅਦਾਲਤ ਪਟਿਆਲਾ ਦੇ ਜੱਜ ਹਰਿੰਦਰ ਸਿੱਧੂ, ਐਡੀਸ਼ਨਲ ਸੈਸ਼ਨ ਜੱਜ ਹਰਜੀਤ ਸਿੰਘ, ਸੀਜੇਐੱਮ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਅਮਨਦੀਪ ਕੰਬੋਜ, ਮਾਨੀ ਅਰੋੜਾ ਸਿਵਲ ਜੱਜ ਸੀਨੀਅਰ ਡਿਵੀਜ਼ਨ, ਕਿਊਰੀ ਕਟਾਰੀਆ ਸਿਵਲ ਜੱਜ ਜੂਨੀਅਰ ਡਿਵੀਜ਼ਨ, ਅਮਨਪ੍ਰੀਤ ਸਿੰਘ ਵਿਰਕ, ਪ੍ਰਗਟ ਸਿੰਘ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਘੱਗਰ ਤੇ ਟਾਂਗਰੀ ਨਦੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ ਵਿੱਚ ਰਹਿਣ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ।

Advertisement
Show comments