ਨਾਭਾ ਦੇ ਰਿਆਸਤੀ ਕਿਲੇ ਵਿੱਚ ਕੂੜਾ ਸੁੱਟਣ ਦਾ ਮਾਮਲਾ ਭਖਿਆ
ਨਾਭਾ ਦੇ ਰਿਆਸਤੀ ਕਿਲੇ ਵਿੱਚ ਸ਼ਹਿਰ ਦਾ ਕੂੜਾ ਸੁੱਟਣ ਦਾ ਮਾਮਲਾ ਭਖਣ ਲੱਗਿਆ ਹੈ। ਕੂੜਾ ਸੁੱਟਣ ਦੇ ਮਾਮਲੇ ਵਿੱਚ ਲੋਕਾਂ ਵੱਲੋਂ ਹਾਕਮ ਧਿਰ ਦੇ ਨਾਲ-ਨਾਲ ਵਿਰੋਧੀ ਧਿਰ ਦੇ ਆਗੂਆਂ ਦੀ ਚੁੱਪੀ ’ਤੇ ਸਵਾਲ ਕੀਤੇ ਜਾ ਰਹੇ ਹਨ। ਲੋਕਾਂ ਨੂੰ ਲਾਮਬੰਦ ਕਰਨ ਜਾਂ ਕੋਈ ਕਾਗਜ਼ੀ ਕਾਰਵਾਈ ਕਰਨ ਦੀ ਬਜਾਏ ਸਿਆਸੀ ਆਗੂ ਸ਼ਬਦੀ ਜੰਗ ਵਿੱਚ ਉਲਝਦੇ ਨਜ਼ਰ ਆ ਰਹੇ ਹਨ। ਲੋਕਾਂ ਦੇ ਸਵਾਲਾਂ ਤੋਂ ਹਰਕਤ ’ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਨੇ ਕਿਲੇ ਵਿੱਚੋਂ ਫੇਸਬੁੱਕ ’ਤੇ ਲਾਈਵ ਹੋਕੇ ਸਰਕਾਰ ਨੂੰ ਸਵਾਲ ਕੀਤੇ। ਇਸ ਮਗਰੋਂ ਨਗਰ ਕੌਂਸਲ ਪ੍ਰਧਾਨ ਦੇ ਪਤੀ ਅਤੇ ਉਕਤ ਅਕਾਲੀ ਆਗੂਆਂ ਵਿਚਾਲੇ ਲਗਾਤਾਰ ਸ਼ਬਦੀ ਤਕਰਾਰ ਜਾਰੀ ਹੈ। ਹਰ ਰੋਜ਼ ਦੋਵੇਂ ਧਿਰਾਂ ਫੇਸਬੂਕ ’ਤੇ ਲਾਈਵ ਹੋਕੇ ਇੱਕ ਦੂਜੇ ਨੂੰ ਸਵਾਲ ਅਤੇ ਟਿੱਪਣੀਆਂ ਕਰ ਰਹੇ ਹਨ ਪਰ ਸਮੱਸਿਆ ਉੱਥੇ ਦੀ ਉੱਥੇ ਹੀ ਖੜ੍ਹੀ ਹੈ।
ਸਾਬਕਾ ਪ੍ਰਧਾਨ ਗੋਲੂ ਨੇ ਦੱਸਿਆ ਕਿ ਵਿਰੋਧੀ ਧਿਰਾਂ ਦਾ ਕੰਮ ਹੈ ਕਿ ਸਰਕਾਰੀ ਧਿਰ ਦਾ ਸਮੱਸਿਆਵਾਂ ਵੱਲ ਧਿਆਨ ਖਿੱਚਣਾ ਪਰ ਨਗਰ ਕੌਂਸਲ ਪ੍ਰਧਾਨ ਦੇ ਪਤੀ ਪੰਕਜ ਕੁਮਾਰ ਪੱਪੂ ਆਲੋਚਕਾਂ ਨੂੰ ਪਾਕਿਸਤਾਨ ਜਾਣ ਦੀ ਸਲਾਹ ਦੇਣ ਦੇ ਨਾਲ-ਨਾਲ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਜੋ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕੂੜੇ ਲਈ ਬਣੇ ਡੰਪ ਦੀ ਥਾਂ ਰਿਆਸਤੀ ਕਿਲੇ ਵਿੱਚ ਕੂੜਾ ਸੁੱਟਦੇ ਹਨ ਤਾਂ ਕਿ ਉਸ ਵਿੱਚੋਂ ਵਪਾਰ ਕੀਤਾ ਜਾ ਸਕੇ। ਗੋਲੂ ਨੇ ਅੱਜ ਫੇਸਬੂਕ ’ਤੇ ਲਾਈਵ ਹੋਕੇ ਦੋਸ਼ ਲਗਾਏ ਕਿ ਹੁਣ ਵਿਰੋਧ ਕਰ ਰਹੇ ਕੌਂਸਲਰਾਂ ਦੇ ਵਾਰਡਾਂ ਵਿੱਚ ਕੂੜਾ ਇਕੱਤਰ ਕਰਨ ਵਾਲੀ ਗੱਡੀਆਂ ਨੂੰ ਜਾਣ ਤੋਂ ਰੋਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੀ ਦੇਖ ਰੇਖ ਹੇਠ ਇਸ ਕਿਲੇ ਨਾਲ ਭਾਵਨਾਤਮਕ ਸਾਂਝ ਰੱਖਣ ਵਾਲੇ ਜਾਂ ਕਿਲੇ ਦੇ ਆਸਪਾਸ ਰਹਿੰਦੇ ਲੋਕਾਂ ਨੇ ਦੱਸਿਆ ਕਿ ਕਿਲੇ ’ਚ ਕੂੜੇ ਕਾਰਨ ਅਵਾਰਾ ਪਸ਼ੂਆਂ ਦੀ ਵੀ ਭਰਮਾਰ ਹੋ ਗਈ।
ਕੌਂਸਲ ਪ੍ਰਧਾਨ ਦੇ ਪਤੀ ਨੇ ਕੂੜੇ ’ਚੋਂ ਵਪਾਰ ਦੇ ਦੋਸ਼ ਨਕਾਰੇ
ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਨਾਲ ਤਾਂ ਸੰਪਰਕ ਨਾ ਹੋਇਆ ਪਰ ਉਨ੍ਹਾਂ ਦੇ ਪਤੀ ਪੰਕਜ ਨੇ ਕੂੜੇ ’ਚੋਂ ਵਪਾਰ ਦੇ ਦੋਸ਼ ਤੋਂ ਇਨਕਾਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਅਬਾਦੀ ਵਾਲੇ ਇਲਾਕਿਆਂ ਤੇ ਸੜਕ ਕਿਨਾਰਿਆਂ ਤੋਂ ਦਹਾਕਿਆਂ ਪੁਰਾਣੇ ਡੰਪ ਖਤਮ ਕੀਤੇ ਹਨ। ਹੁਣ ਹੱਥ ਰੇਹੜੀਆਂ ਰਾਹੀਂ ਕੁੱਝ ਵਾਰਡਾਂ ਵਿੱਚੋਂ ਕੂੜਾ ਇੱਕ ਵਾਰੀ ਕਿਲੇ ’ਚ ਲਿਆਕੇ ਉਥੋਂ ਟਰਾਲੀਆਂ ਰਾਹੀਂ ਦੂਰ ਮੁੱਖ ਡੰਪ ਤੱਕ ਭੇਜਿਆ ਜਾਂਦਾ ਹੈ। ਆਲੋਚਕਾਂ ਲਈ ਵਰਤੀ ਜਾਂਦੀ ਭਾਸ਼ਾ ਬਾਬਤ ਉਨ੍ਹਾਂ ਕਿਹਾ ਕਿ ਜਿਹੜੇ ਇਹ ਦੋ ਚਾਰ ਵਿਅਕਤੀ ਨਿੱਜੀ ਕਾਰਨਾਂ ਕਰਕੇ ਬੋਲ ਰਹੇ ਹਨ, ਉਨ੍ਹਾਂ ਨੂੰ ਬੋਲਣ ਦਾ ਕੋਈ ਹੱਕ ਨਹੀਂ। ਉਨ੍ਹਾਂ ਕੂੜਾ ਇਕੱਤਰ ਕਰਨ ਵਾਲੀਆਂ ਗੱਡੀਆਂ ਰੋਕਣ ਦੇ ਦੋਸ਼ ਤੋਂ ਇਨਕਾਰ ਕੀਤਾ।