ਪੁਲੀਸ ਵਿੱਚ ਭਰਤੀ ਕਰਾਉਣ ਨਾਂ ’ਤੇ ਠੱਗੀ
ਪਿੰਡ ਕਾਹਨਗੜ੍ਹ ਦੇ ਰਾਜਵਿੰਦਰ ਸਿੰਘ ਨੇ ਡੀ ਐੱਸ ਪੀ (ਪਾਤੜਾਂ) ਇੰਦਰਪਾਲ ਸਿੰਘ ਚੌਹਾਨ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਪਾਤੜਾਂ ਦੇ ਵਾਰਡ ਨੰਬਰ 10 ਵਿੱਚ ਰਹਿਣ ਵਾਲੇ ਮਲਕੀਤ ਸਿੰਘ ਨੇ ਉਸ ਨੂੰ ਪਿੰਡ ਖਾਨੇਵਾਲ ਦੇ ਸੁਰਜੀਤ ਰਾਮ ਨਾਲ ਮਿਲਾਇਆ ਸੀ ਜਿਸ ਨੇ ਉਸ ਨੂੰ ਪੁਲੀਸ ਦੇ ਉੱਚ ਅਧਿਕਾਰੀਆਂ ਅਤੇ ਰਾਜੀਨਤਕ ਲੋਕਾਂ ਨਾਲ ਖਿਚਵਾਈਆਂ ਤਸਵੀਰਾਂ ਦਿਖਾ ਕੇ ਜੱਜ ਦੀ ਸੁਰੱਖਿਆ ਵਿੱਚ ਲਗਵਾਉਣ ਲਈ 15 ਲੱਖ ਰੁਪਏ ਪੁਲੀਸ ਅਧਿਕਾਰੀਆਂ ਨੂੰ ਦੇਣ ਲਈ ਮੰਗੇ ਸਨ ਪਰ 13 ਲੱਖ ਰੁਪਏ ਗੱਲ ਮੁੱਕੀ। ਸੁਰਜੀਤ ਰਾਮ ਅਤੇ ਮਲਕੀਤ ਸਿੰਘ ਨੇ ਉਸ ਦੇ ਨਾਂ ਵਾਲਾ ਹੌਲਦਾਰ ਦਾ ਆਈ ਕਾਰਡ ਦੇ ਕੇ ਉਸ ਤੋਂ 5 ਲੱਖ ਪਹਿਲਾਂ ਲੈ ਲਏ ਅਤੇ ਬਾਕੀ ਜੁਆਇਨਿੰਗ ਪੱਤਰ ਦਿਵਾਉਣ ’ਤੇ ਦਿੱਤੇ ਜਾਣੇ ਸਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਉਸ ਨੂੰ ਨੌਕਰੀ ਜੁਆਇਨ ਕਰਵਾਉਣ ਦਾ ਕਹਿ ਕੇ ਸਮਾਣਾ ਅਦਾਲਤ ਵਿੱਚ ਲੈ ਕੇ ਗਏ, ਉੱਥੇ ਉਨ੍ਹਾਂ ਦੇ ਇੱਕ ਸਾਥੀ ਨੇ ਕੁਝ ਖਾਲੀ ਕਾਗਜ਼ਾਂ ’ਤੇ ਦਸਤਖਤ ਕਰਵਾਉਣ ਉਪਰੰਤ ਉਹ ਲਾਰੇ ਲਾਉਂਦੇ ਰਹੇ। ਜਦੋਂ ਉਨ੍ਹਾਂ ਤੋਂ ਦਿੱਤੇ ਰੁਪਏ ਵਾਪਸ ਮੰਗੇ ਤਾਂ ਉਨ੍ਹਾਂ ਕਿਹਾ,‘ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ, ਉਨ੍ਹਾਂ ਦੇ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਸਬੰਧ ਹਨ।’ ਉਨ੍ਹਾਂ ਝੂਠਾ ਕੇਸ ਦਰਜ ਕਰਵਾ ਦੇਣ ਦੀਆਂ ਧਮਕੀਆਂ ਦਿੱਤੀਆਂ।
ਇਸ ਸਬੰਧੀ ਡੀ ਐੱਸ ਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਵੱਲੋਂ ਦਿੱਤੀ ਦਰਖਾਸਤ ਦੀ ਪੜਤਾਲ ਕਰਨ ਮਗਰੋਂ ਸੁਰਜੀਤ ਰਾਮ, ਮਨਪ੍ਰੀਤ ਰਾਮ, ਬਲਦੇਵ ਰਾਮ, ਪਰਮਜੀਤ ਕੌਰ ਵਾਸੀਅਨ ਪਿੰਡ ਖਾਨੇਵਾਲ ਅਤੇ ਮਲਕੀਤ ਸਿੰਘ ਵਾਸੀ ਪਾਤੜਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਛੇਤੀ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
