ਪਤੀ-ਪਤਨੀ ਤੋਂ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ
ਪੁਲੀਸ ਚੌਕੀ ਮਾਡਲ ਟਾਊਨ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਰੀਤੂ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਸਥਾਨਕ ਸ਼ਹਿਰ ਨਾਲ ਸਬੰਧਤ ਪਤੀ ਪਤਨੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਗੁਰਿੰਦਰ ਸਿੰਘ ਗੁਰੀ ਅਤੇ ਉਸਦੀ ਪਤਨੀ ਸੋਨੀਆ ਸ਼ਾਮਲ ਹਨ। ਮੁਲਜ਼ਮਾਂ ਨੂੰ ਪਹਿਲਾਂ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਤੇ ਪੁੱਛਗਿੱਛ ਮੌਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ ਤਿੰਨ ਹੋਰ ਮੋਟਰਸਾਈਕਲ ਕਾਬੂ ਕੀਤੇ ਗਏ। ਪੁਲੀਸ ਚੌਕੀ ਮਾਡਲ ਟਾਊਨ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਰੀਤੂ ਨੇ ਦੱਸਿਆ ਕਿ ਮੁਲਜ਼ਮ ਜੋੜੇ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੇ ਗਏ ਇਨ੍ਹਾਂ ਤਿੰਨ ਮੋਟਰਸਾਈਕਲਾਂ ਵਿੱਚੋਂ ਇਨ੍ਹਾਂ ਨੇ ਇੱਕ ਮੋਟਰਸਾਈਕਲ ਤਾਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਅੰਦਰੋਂ ਚੁੱਕਿਆ ਸੀ ਜਦਕਿ ਇੱਕ ਹੋਰ ਮੋਟਰਸਾਈਕਲ ਭੂਤਨਾਥ ਮੰਦਰ ਦੇ ਬਾਹਰੋਂ ਚੋਰੀ ਕੀਤਾ ਸੀ। ਇਸੇ ਤਰ੍ਹਾਂ ਹੀ ਬਾਕੀ ਦੋ ਹੋਰ ਮੋਟਰਸਾਈਕਲ ਵੀ ਵੱਖ-ਵੱਖ ਖੇਤਰਾਂ ਵਿੱਚੋਂ ਚੋਰੀ ਕੀਤੇ ਗਏ ਸਨ। ਪਟਿਆਲਾ ਦੇ ਡੀਐੱਸਪੀ ਸਿਟੀ 2 ਸਤਿਨਾਮ ਸਿੰਘ ਸੰਘਾ ਨੇ ਦੱਸਿਆ ਕਿ ਮੁਲਜ਼ਮ ਗੁਰਚਰਨ ਗੁਰੀ ਅਤੇ ਉਸ ਦੀ ਪਤਨੀ ਸੋਨੀਆ ਸਥਾਨਕ ਭਾਖੜਾ ਐਨਕਲੇਵ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੇ ਖਿਲਾਫ਼ ਦਰਜ ਕੀਤੇ ਗਏ ਚੋਰੀ ਦੇ ਕੇਸ ’ਚ ਅਦਾਲਤ ਵਿੱਚੋਂ ਪੁਲੀਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
