ਟਾਂਗਰੀ ਦਾ ਬੰਨ੍ਹ ਮਜ਼ਬੂਤ ਕਰਨ ਦਾ ਨੀਂਹ ਪੱਥਰ ਰੱਖਿਆ
ਹਲਕਾ ਸਨੌਰ ਨੂੰ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਅਤੇ ਇਲਾਕੇ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਟਾਂਗਰੀ ਨਦੀ ਦੇ ਬੰਨ੍ਹ ਨੂੰ ਪੱਕਾ, ਡੂੰਘਾ ਅਤੇ ਚੌੜਾ ਕਰਨ ਦੇ ਵੱਡੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਸਮਾਗਮ ਗੁਰਦੁਆਰਾ ਸਾਹਿਬ ਭਗਤ ਧੰਨਾ ਦੇ ਨੇੜੇ ਕਰਵਾਇਆ ਗਿਆ।
ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਟਾਂਗਰੀ ਨਦੀ ਦੇ ਇਲਾਕੇ ਵਿੱਚ ਹਰ ਸਾਲ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਦਾ ਗੰਭੀਰ ਖ਼ਤਰਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਇਲਾਕਾ ਵਾਸੀਆਂ ਦੀ ਮੰਗ ਸੀ ਕਿ ਟਾਂਗਰੀ ਨਦੀ ਦੇ ਬੰਨਾਂ ਨੂੰ ਮਜ਼ਬੂਤ, ਡੂੰਘਾ ਅਤੇ ਚੌੜਾ ਕੀਤਾ ਜਾਵੇ, ਤਾਂ ਜੋ ਪਿੰਡਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ 16 ਕਰੋੜ ਦੀ ਲਾਗਤ ਨਾਲ ਟਾਂਗਰੀ ਨਦੀ ਦੇ ਪੰਜਾਬ ਦੇ ਹਿੱਸੇ ਦੇ 20 ਕਿਲੋਮੀਟਰ ਟੁਕੜੇ ਨੂੰ 15 ਫੁੱਟ ਡੂੰਘਾ, 15 ਫੁੱਟ ਚੌੜਾ ਅਤੇ ਇਸ ਬੰਨ੍ਹਾਂ ਦੀ ਚੌੜਾਈ ਵਧਾਉਣ, ਉਚਾਈ ਕਰਨ, ਕੱਚੇ ਹਿੱਸਿਆਂ ਨੂੰ ਪੱਕਾ ਕੀਤਾ ਜਾਵੇਗਾ। ਇਹ ਮਜ਼ਬੂਤ ਬੰਨ ਪੂਰੇ ਇਲਾਕੇ ਲਈ ਇੱਕ ਸੁਰੱਖਿਆ ਦੀ ਢਾਲ ਵਜੋਂ ਕੰਮ ਕਰਨਗੇ, ਜਿਸ ਨਾਲ ਭਵਿੱਖ ਵਿੱਚ ਹੜ੍ਹਾਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕੇਗਾ।
