ਪੰਜਾਬੀ ’ਵਰਸਿਟੀ ਵਿੱਚ ਸਪੋਰਟਸ ਸਾਇੰਸ ਵਿਭਾਗ ਦਾ ਸਥਾਪਨਾ ਦਿਵਸ ਮਨਾਇਆ
ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਵਿੱਚ 1972 ’ਚ ਸਥਾਪਤ ਹੋਏ ਭਾਰਤ ਦੇ ਪਹਿਲੇ ਸਪੋਰਟਸ ਸਾਇੰਸ ਵਿਭਾਗ ਦਾ 37ਵਾਂ ਸਥਾਪਨਾ ਦਿਵਸ ਅੱਜ ਵਿਭਾਗ ਮੁਖੀ ਡਾ. ਅਨੁਰਾਧਾ ਲਹਿਰੀ ਦੀ ਅਗਵਾਈ ਹੇਠ ਸ਼ਾਨੋ-ਸ਼ੌਕਤ ਨਾਲ ਮਨਾਇਆ। ਇਸ ਦੌਰਾਨ ‘ਮੁਢਲੀ ਸਹਾਇਤਾ ਅਤੇ ਸੀ.ਪੀ.ਆਰ. ਸਿਖਲਾਈ’ ਸਬੰਧੀ ਕਰਵਾਈ ਗਈ ਵਰਕਸ਼ਾਪ ਦੌਰਾਨ ਕਾਕਾ ਰਾਮ ਵਰਮਾ ਵੱਲੋਂ ਸਿਖਲਾਈ ਦਿੱਤੀ ਗਈ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਮੁੱਢਲੀ ਸਹਾਇਤਾ ਅਤੇ ਸੀ.ਪੀ.ਆਰ. ਦੀ ਜਾਣਕਾਰੀ ਲਾਜ਼ਮੀ ਪਹਿਲੂ ਹੈ ਜਿਸ ਨਾਲ ਅਜਾਈਂ ਜਾਂਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਵਿਸ਼ੇਸ਼ ਮਹਿਮਾਨ ਡੀਨ (ਅਕਾਦਮਿਕ ਮਾਮਲੇ) ਪ੍ਰੋ. ਜਸਵਿੰਦਰ ਬਰਾੜ ਨੇ ਵੀ ਵਿਭਾਗ ਦੀਆਂ ਪ੍ਰਾਪਤੀਆਂ ਸਬੰਧੀ ਟੀਮ ਦੀ ਸ਼ਲਾਘਾ ਕੀਤੀ। ਵਿਭਾਗ ਨੂੰ ਅਪਡੇਟ ਰੱਖਣ ਸਬੰਧੀ ਵਾਈਸ ਚਾਂਸਲਰ ਨੇ ਡਾ. ਅਨੁਰਾਧਾ ਲਹਿਰੀ ਤੇ ਟੀਮ ਦੀ ਭਰਵੀਂ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਵਿਭਾਗ ਮੁਖੀ ਡਾ. ਅਨੁਰਾਧਾ ਲਹਿਰੀ ਨੇ ਦੱਸਿਆ ਕਿ 1972 ’ਚ ਇਥੇ ਸਥਾਪਤ ਹੋਇਆ ਇਹ ਦੇਸ਼ ਦਾ ਪਹਿਲਾ ਸਪੋਰਟਸ ਸਾਇੰਸ ਵਿਭਾਗ ਹੈ, ਜੋ 1989 ਵਿੱਚ ਮੁਕੰਮਲ ਤੌਰ ’ਤੇ ਅਧਿਆਪਨ ਵਿਭਾਗ ਬਣ ਗਿਆ ਸੀ ਤੇ ਇਥੋਂ 83 ਵਿਦਿਆਰਥੀ ਪੀਐੱਚ.ਡੀ. ਕਰ ਚੁੱਕੇ ਹਨ।
ਧੰਨਵਾਦੀ ਮਤੇ ’ਚ ਪ੍ਰੋੋ. ਪਰਮਵੀਰ ਸਿੰਘ ਨੇ ਇੱਥੇ ਮੌਜੂਦ ਆਧੁਨਿਕ ਜਿਮ ਅਤੇ ਸੋਨਾ-ਬਾਥ ਸਹੂਲਤ ਦਾ ਵਿਸ਼ੇਸ਼ ਜ਼ਿਕਰ ਕੀਤਾ। ਡਾ. ਅੰਮ੍ਰਿਤਪਾਲ ਕਾਲੇਕਾ ਵੀ ਮੌਜੂਦ ਰਹੇ। ਇਸ ਮੌਕੇ ਵਿਭਾਗ ਦੇ ਅਧਿਆਪਕਾਂ ਡਾ. ਅਜੀਤਾ, ਡਾ. ਹਰੀਸ਼ ਕੁਮਾਰ ਅਤੇ ਡਾ. ਅਮਰਜੋਤ ਕੌਰ ਨੇ ਵੀ ਵਿਚਾਰਾਂ ਦੀ ਸਾਂਝ ਪਾਈ। ਜਦਕਿ ਇੰਦਰਪਾਲ ਸਿੰਘ ਭਾਟੀਆ, ਓਮ ਪ੍ਰਕਾਸ਼, ਅਜੈ ਟਿਵਾਣਾ, ਗੁਰਪ੍ਰੀਤ ਸਿੰਘ ਤੇ ਰਾਜਪਾਲ ਸਿੰਘ ਆਦਿ ਮੁਲਾਜ਼ਮਾਂ ਨੇ ਵਿਚਾਰ ਚਰਚਾ ਵਿੱਚ ਹਿੱਸਾਲ ਲਿਆ। ਅਨਿਕੇਤ ਸਿੰਘ, ਦੀਯਾ ਸਿੰਘ, ਮੌਸਮ ਤੇ ਸੁਨਾਲੀ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਵੀ ਕੀਤਾ।