ਤਨਖਾਹ ਨਾ ਮਿਲਣ ਕਾਰਨ ਜੰਗਲਾਤ ਕਾਮਿਆਂ ’ਚ ਰੋਸ
ਅੱਜ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਦੇ ਸਾਥੀਆ ਨੇ ਵੱਡੀ ਗਿਣਤੀ ਵਿੱਚ ਨਿਹਾਲ ਬਾਗ਼ ਪਾਰਕ ਪਟਿਆਲਾ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਮੌਕੇ ਸੂਬਾ ਜਨਰਲ ਸਕੱਤਰ ਵੀਰਪਾਲ ਸਿੰਘ ਲੂੰਬਾ, ਮੀਤ ਪ੍ਰਧਾਨ ਮੇਜਰ ਸਿੰਘ ਬਹੇੜ, ਹਰਪ੍ਰੀਤ ਸਿੰਘ ਲੋਚਮਾ ਮੰਡਲ ਸਕੱਤਰ ਕੁਲਵੰਤ ਸਿੰਘ ਥੂਹੀ, ਜਥੇਬੰਦੀ ਸਕੱਤਰ ਲਾਜੋ ਦੇਵੀ, ਬਲਵੀਰ ਸਿੰਘ ਘੱਗਾ, ਕੁਲਵਿੰਦਰ ਸਿੰਘ ਹਰਚਰਨ ਸਿੰਘ ਸਰਹਿੰਦ, ਹਰਦੀਪ ਮਨਤੇਜ ਬਲਜਿੰਦਰ ਤੋਂ ਇਲਾਵਾ ਹੋਰ ਆਗੂ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਵਣ ਮੰਡਲ ਪਟਿਆਲਾ ਦੀਆ ਵਣ ਰੇਂਜਾਂ ਸਮਾਣਾ, ਪਟਿਆਲਾ, ਭਾਦਸੋਂ ਵਿੱਚ ਵੱਡੀ ਪੱਧਰ ਵਿਭਾਗ ਦੇ ਕਿਰਤੀ ਵਰਕਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਕਈ ਕਾਮਿਆਂ ਨੂੰ ਤਾਂ 2025 ਸਾਲ ਦੇ ਸਾਰੇ ਤਿਉਹਾਰ ਬਿਨਾਂ ਪੈਸੇ ਤੋਂ ਹੀ ਮਨਾਉਣੇ ਪਏ, ਕਣਕ ਦੀ ਖ਼ਰੀਦ ਵੀ ਨਹੀਂ ਕਰ ਸਕੇ। ਜ਼ਿਲ੍ਹਾ ਪ੍ਰਧਾਨ ਬੀ ਐੱਸ ਲੂੰਬਾ ਨੇ ਵਰਕਰਾਂ ਨੂੰ ਦੱਸਿਆ ਕਿ ਜਥੇਬੰਦੀ ਰਾਹੀਂ ਹਰ ਮਹੀਨੇ ਮੀਟਿੰਗ ਕਰ ਕੇ ਦਫ਼ਤਰ ਵਣ ਮੰਡਲ ਅਫ਼ਸਰ ਪਟਿਆਲਾ ਨੂੰ ਲਿਖਤੀ ਵਿੱਚ ਦੇ ਕੇ ਉਨ੍ਹਾਂ ਧਿਆਨ ਵਿੱਚ ਵੀ ਲਿਆਂਦਾ ਜਾਂਦਾ ਰਿਹਾ ਹੈ। ਲੰਮੇ ਸਮੇਂ ਤੋਂ ਰੋਕੀਆਂ ਗਈਆਂ ਤਨਖ਼ਾਹਾਂ ਬਾਰੇ ਭਰੋਸਾ ਦਿਵਾਇਆ ਜਾਂਦਾ ਰਿਹਾ ਹੈ ਹੁਣ ਤਨਖ਼ਾਹਾਂ ਜਾਰੀ ਕਰਨ ਦਿੱਤੀਆਂ ਜਾਣਗੀਆਂ ਪਰ ਤਨਖ਼ਾਹਾਂ ਹਾਲੇ ਤੱਕ ਨਹੀਂ ਜਾਰੀ ਹੋ ਸਕੀਆਂ। ਇਸ ਤੋਂ ਇਲਾਵਾ ਮਸਟ੍ਰੋਲ ਸੂਚੀ ਨੋਟਿਸ ਬੋਰਡ ਤੇ ਲਗਾਉਣੀ, ਸੀਨੀਅਰਤਾ ਸੂਚੀ ਦੇਣੀ ਆਦਿ ਮੰਗਾਂ ਨੂੰ ਲਮਕ ਅਵਸਥਾ ਵਿੱਚ ਰੱਖਿਆ ਹੋਇਆ ਹੈ, ਜਿਸ ਕਰਕੇ ਸਾਰੇ ਹੀ ਜੰਗਲਾਤ ਵਿਭਾਗ ਦੇ ਵਣ ਮੰਡਲ ਦੇ ਕਿਰਤੀ ਕਾਮਿਆਂ ਵਿਚ ਵਿਆਪਕ ਰੋਸ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਸਵੇਰੇ 10 ਵਜੇ ਤੋਂ ਵਣ ਮੰਡਲ ਅਫ਼ਸਰ ਪਟਿਆਲਾ ਦੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ ਤੇ ਡੀਸੀ ਦਫ਼ਤਰ ਸਾਹਮਣੇ ਰੋਸ ਰੈਲੀ ਕੀਤੀ ਜਾਵੇਗੀ।
