ਜੰਗਲਾਤ ਕਾਮਿਆਂ ਦਾ ਪੱਕਾ ਮੋਰਚਾ ਸ਼ੁਰੂ
ਇਥੇ ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਜੰਗਲਾਤ ਕਾਮਿਆਂ ਦੀਆਂ ਚਿਰਾਂ ਤੋਂ ਲਮਕ ਰਹੀਆਂ ਮੰਗਾਂ ਨੂੰ ਮਨਾਉਣ ਲਈ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਪਟਿਆਲਾ ਦੇ ਵਣ ਮੰਡਲ ਅਫ਼ਸਰ (ਡੀ ਐੱਫ ਓ) ਦੇ ਦਫ਼ਤਰ ਦੇ ਬਾਹਰ ਸ਼ੁਰੂ ਕੀਤੇ ਇਸ ਪੱਕੇ ਮੋਰਚੇ ਵਿਚ ਕਾਮਿਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜੰਗਲਾਤ ਕਾਮਿਆਂ ਦੀਆਂ ਲੰਮੇ ਸਮੇਂ ਤੋਂ ਲਮਕ ਰਹੀਆਂ ਮੰਗਾਂ ਵਿਚ ਕੰਮ ਕਰ ਰਹੇ ਕਾਮਿਆ ਨੂੰ ਫ਼ਾਰਗ ਕਰਨਾ, ਕਈ ਕਈ ਮਹੀਨੇ ਦੀਆਂ ਤਨਖ਼ਾਹਾਂ ਜਾਰੀ ਨਾ ਕਰਨਾ, ਰੈਗੂਲਰ ਕੀਤੇ ਜਾਣ ਵਾਲੇ ਕਾਮਿਆਂ ਨੂੰ ਆਰਡਰ ਨਾ ਦੇਣਾ, ਮਾਨਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਰਹਿ ਗਏ ਕਾਮਿਆਂ ਨੂੰ ਰੈਗੂਲਰ ਨਾ ਕਰਨਾ, ਵਣ ਮੰਡਲ ਅਫ਼ਸਰ ਪਟਿਆਲਾ ਵੱਲੋਂ ਲਗਾਤਾਰ ਮੀਟਿੰਗ ਦੌਰਾਨ ਕੀਤੇ ਗਏ ਫ਼ੈਸਲਿਆਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਯੂਨੀਅਨ ਵੱਲੋਂ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਦਫ਼ਤਰ ਅੱਗੇ ਕੀਤੀ ਗਈ ਰੋਸਮਈ ਗੇਟ ਰੈਲੀ ਨੂੰ ਸਾਥੀ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ ਨੋਲੱਖਾ, ਨਾਰੰਗ ਸਿੰਘ, ਸ਼ਿਵ ਚਰਨ, ਬਲਜੀਤ ਬੱਲੀ, ਤਰਲੋਚਨ ਗਿਰ ਮਾੜੂ, ਗੁਰਮੇਲ ਸਿੰਘ ਸਮਾਣਾ, ਬਲਵਿੰਦਰ ਸਿੰਘ ਨਾਭਾ, ਤਰਲੋਚਨ ਮੰਡੋਲੀ, ਸਬਦਲ ਸਿੰਘ ਆਦਿ ਸ਼ਾਮਲ ਸਨ। ਰੈਲੀ ਦੌਰਾਨ ਆਗੂਆਂ ਨੇ ਐਲਾਨ ਕੀਤਾ ਕਿ ਪੱਕਾ ਧਰਨਾ (ਰੋਸ ਮੋਰਚਾ) ਲਗਾਤਾਰ ਜਾਰੀ ਰਹੇਗਾ ਅਤੇ ਇੱਕ ਰੈਲੀ ਮੋਰਚੇ ਦੇ ਕੈਂਪ ਅੱਗੇ 20 ਨਵੰਬਰ ਨੂੰ ਕੀਤੀ ਜਾਵੇਗੀ। ਜਿਸ ਦੌਰਾਨ ਅਰਥੀ ਫ਼ੂਕ ਰੈਲੀਆਂ ਦਾ ਐਲਾਨ ਵੀ ਕੀਤਾ ਜਾਵੇਗਾ। ਮੰਗ ਕੀਤੀ ਗਈ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਰੋਸ਼ਨੀ ਵਿੱਚ ਬਰਾਬਰ ਕੰਮ ਬਰਾਬਰ ਤਨਖ਼ਾਹ ਦੇਣ ਦਾ ਫ਼ੈਸਲਾ ਲਾਗੂ ਕਰੇ ਅਤੇ ਸਰਕਾਰ ਅਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਕੱਚੇ ਕਾਮਿਆਂ ਨੂੰ ਰੈਗੂਲਰ ਕਰੇ। ਠੇਕੇਦਾਰੀ ਪ੍ਰਥਾ ਖ਼ਤਮ ਕਰੇ, ਘੱਟੋ-ਘੱਟ ਉਜ਼ਰਤਾਂ 35000 ਰੁਪਏ ਜਾਰੀ ਕਰੇ।
