ਖੁਰਾਕ ਵਸਤਾਂ ਦੀ ਜਾਂਚ ਦੇ ਨਿਰਦੇਸ਼
ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਭਰ ਵਿੱਚ ਭੋਜਨ ਸੁਰੱਖਿਆ ਅਤੇ ਸਫਾਈ ਦੇ ਮਿਆਰਾਂ ਦੀ ਸਮੀਖਿਆ ਕਰਨ ਲਈ ਸੁਰੱਖਿਅਤ ਭੋਜਨ ਅਤੇ ਸਿਹਤਮੰਦ ਖੁਰਾਕ ਬਾਰੇ ਮੀਟਿੰਗ ਕੀਤੀ। ਇਸ ਦੌਰਾਨ ਫੂਡ ਸੇਫਟੀ ਟੀਮਾਂ ਨੂੰ ਨਾਗਰਿਕਾਂ ਲਈ ਸਿਰਫ਼ ਸੁਰੱਖਿਅਤ ਅਤੇ ਉੱਚ ਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਹੀ ਉਪਲੱਬਧ ਕਰਵਾਉਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਮੀਟਿੰਗ ’ਚ ਮੌਜੂਦ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਗੁਰਪ੍ਰੀਤ ਕੌਰ ਤੇ ਫੂਡ ਸੇਫਟੀ ਅਫਸਰਾਂ ਜਸਵਿੰਦਰ ਸਿੰਘ ਅਤੇ ਗੌਰਵ ਕੁਮਾਰ ਨੂੰ ਭੋਜਨ ਪਦਾਰਥਾਂ ਵਿੱਚ ਮਿਲਾਵਟ ਵਿਰੁੱਧ ਸਖ਼ਤੀ ਵਰਤਣ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਖਾਸ ਕਰਕੇ ਦੁੱਧ ਅਤੇ ਦੁੱਧ ਉਤਪਾਦਾਂ, ਘਿਓ, ਪਨੀਰ ਅਤੇ ਮਠਿਆਈਆਂ ਦੀ ਜ਼ਿਆਦਾ ਖਪਤ ਹੁੰਦੀ ਹੈ ਇਸ ਲਈ ਇਨ੍ਹਾਂ ਵਸਤਾਂ ਵਿੱਚ ਮਿਲਾਵਟ ਵਿਰੁੱਧ 24 ਘੰਟੇ ਚੌਕਸੀ ਰੱਖੀ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਨਮੂਨੇ ਲੈਣ ਅਤੇ ਜਾਂਚ ਨੂੰ ਤੇਜ਼ ਕੀਤਾ ਜਾਵੇ ਅਤੇ ਭੋਜਨ ਉਤਪਾਦਾਂ ਦੇ ਸਰੋਤ ਅਤੇ ਸਪਲਾਈ ਲੜੀ ਦਾ ਪੂਰੀ ਤਰ੍ਹਾਂ ਪਤਾ ਲਗਾਇਆ ਜਾਵੇ। ਡਾ. ਪ੍ਰੀਤੀ ਯਾਦਵ ਨੇ ਅੱਗੇ ਹਦਾਇਤ ਕੀਤੀ ਕਿ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਸਾਰੀਆਂ ਮਿੱਡ-ਡੇਅ ਮੀਲ ਰਸੋਈਆਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਲਾਜ਼ਮੀ ਤੌਰ ’ਤੇ ਰਜਿਸਟਰ ਕੀਤਾ ਜਾਵੇ ਅਤੇ ਆਂਗਣਵਾੜੀ ਕੇਂਦਰਾਂ ਦੀ ਰਜਿਸਟ੍ਰੇਸ਼ਨ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ।