ਦਰਿਆ ਬਿਆਸ ’ਚ ਵਧੇ ਪਾਣੀ ਦੇ ਪੱਧਰ ਕਾਰਨ ਬੀਤੇ ਦਿਨੀਂ ਪਿੰਡ ਭੈਣੀ ਕਾਦਰ ਤੋਂ ਟੁੱਟੇ ਆਰਜ਼ੀ ਬੰਨ੍ਹ ਕਾਰਨ ਮੰਡ ਬਾਊਪੁਰ ਜਦੀਦ ਸਣੇ 16 ਪਿੰਡਾਂ ’ਚ ਆਏ ਹੜ੍ਹ ਕਾਰਨ ਪਾਣੀ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਇਸ ਕਾਰਨ ਮੰਡ ਖੇਤਰ ਦੇ ਵਾਸੀ ਚਿੰਤਾ ’ਚ ਹਨ ਤੇ ਪ੍ਰਸਾਸ਼ਨ ਨੂੰ ਕੋਸ ਰਹੇ ਹਨ। ਲਗਾਤਾਰ ਵੱਧ ਰਹੇ ਪਾਣੀ ਨੇ ਹੁਣ ਫਸਲਾਂ, ਘਰਾਂ ਦੇ ਨਾਲ ਪਸ਼ੂਆਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਹੈ ਤੇ ਹਰੀਕੇ ਹੈੱਡ ਤੋਂ ਪਾਣੀ ਜ਼ਿਆਦਾ ਮਾਤਰਾ ’ਚ ਰਿਲੀਜ਼ ਨਾ ਹੋਣ ਕਾਰਨ ਦਰਿਆ ਬਿਆਸ ’ਚ ਲੱਗੀ ਪਾਣੀ ਦੀ ਡਾਫ਼ ਕਾਰਨ ਪਾਣੀ ਦਾ ਪੱਧਰ ਹੋਰ ਵਧਣ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫਸਲ, ਪਸ਼ੂਆਂ ਲਈ ਹਰਾ ਚਾਰਾ, ਤੂੜੀ ਆਦਿ ਸਾਰਾ ਕੁਝ ਖਰਾਬ ਹੋ ਚੁੱਕਾ ਹੈ। ਮੰਡ ਖੇਤਰ ਦੇ ਕਿਸਾਨ ਆਗੂ ਅਮਰ ਸਿੰਘ ਮੰਡ, ਕੁਲਦੀਪ ਸਿੰਘ ਸਾਂਗਰਾ ਨੇ ਅੱਜ ਖੁਦ ਕਿਸਾਨਾਂ ਨਾਲ ਕਿਸ਼ਤੀ ਰਾਹੀਂ ਜਾ ਕੇ ਪਾਣੀ ਨਾਲ ਘਿਰੇ ਲੋਕਾਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਸਾਰੇ ਦਾਅਵੇ ਖੋਖਲੇ ਹਨ। ਉਨ੍ਹਾਂ ਕਿਹਾ ਕਿ ਪਰਸੋਂ ਦਾ ਬੰਨ੍ਹ ਟੁੱਟਿਆ ਹੋਇਆ ਹੈ, ਪਰ ਸਰਕਾਰ ਨੇ ਹਾਲੇ ਤੱਕ ਕੋਈ ਸਾਡੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਬੰਨ੍ਹ ਤੋਂ ਆ ਕੇ ਹੀ ਵਾਪਸ ਚਲਾ ਜਾਂਦਾ ਹੈ ਤੇ ਨਾ ਤਾਂ ਸਾਡੇ ਕੋਲ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੇ ਨਾ ਹੀ ਕੋਈ ਸਾਮਾਨ ਪਹੁੰਚਿਆ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜਲਦ ਤੋਂ ਜਲਦ ਇਨ੍ਹਾਂ ਪਿੰਡਾਂ ’ਚ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਜਲਦ ਬਿਜਲੀ ਦੀ ਸਪਲਾਈ ਜਾਰੀ ਨਹੀਂ ਕੀਤੀ ਤਾਂ ਗੋਇੰਦਵਾਲ ਸਾਹਿਬ ਪੁਲ ਤੇ ਹੋਰ ਮੁੱਖ ਰਸਤਿਆਂ ’ਤੇ ਧਰਨੇ ਲਗਾਏ ਜਾਣਗੇ। ਉਧਰ, ਐੱਸਡੀਐੱਮ ਅਲਕਾ ਕਾਲੀਆ ਨੇ ਕਿਹਾ ਕਿ ਮੰਡ ਖੇਤਰ ’ਚ ਹੜ੍ਹ ਸਬੰਧੀ ਸਾਰੀ ਰਿਪੋਰਟ ਹਰ ਸਮੇਂ ਲਈ ਜਾ ਰਹੀ ਹੈ ਤੇ ਹਰ ਸੁਵਿਧਾ ਪ੍ਰਸ਼ਾਸਨ ਵੱਲੋਂ ਉਪਲੱਬਧ ਕਰਵਾਈ ਜਾ ਰਹੀ ਹੈ। ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪ੍ਰਸਾਸ਼ਨ ਨੂੰ ਲੋਕਾਂ ਦੀ ਖਾਣ ਪੀਣ, ਪਸ਼ੂਆ ਦੇ ਚਾਰੇ ਤੇ ਦਵਾਈਆਂ ਦੇ ਪ੍ਰਬੰਧ ’ਚ ਪਹਿਲਕਦਮੀ ਕਰਨੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਢਿੱਲਵਾਂ ਦੇ ਮੰਡ ਖੇਤਰ ਦਾ ਦੌਰਾ
ਭੁਲੱਥ (ਦਲੇਰ ਸਿੰਘ ਚੀਮਾ): ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਅੱਜ ਢਿੱਲਵਾਂ ਦੇ ਮੰਡ ਖੇਤਰ ਦਾ ਦੌਰਾ ਕਰਕੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਉਪਜੇ ਹਾਲਾਤ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨਾਲ ਡਾਇਰੈਕਟਰ ਜਲ ਸਰੋਤ ਵਿਭਾਗ ਤੇ ‘ਆਪ’ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੀ ਸਨ। ਪਿੰਡ ਮੰਡ ਕੂਕਾ ਦਾ ਦੌਰਾ ਕਰਕੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਪਾਣੀ ਦੇ ਪੱਧਰ ’ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਡੀਸੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋੜਵੰਦਾਂ ਨੂੰ ਸੁੱਕਾ ਰਾਸ਼ਨ, ਪਸ਼ੂਆਂ ਲਈ ਹਰਾ ਚਾਰਾ ਤੇ ਪੀਣ ਵਾਲਾ ਸਾਫ ਪਾਣੀ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਇਆ ਜਾਵੇ। ਇਸ ਤੋਂ ਇਲਾਵਾ ਸੰਵੇਦਨਸ਼ੀਲ ਥਾਵਾਂ ’ਤੇ ਕਿਸ਼ਤੀਆਂ ਮੁਹੱਈਆ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਗਏ। ਸ੍ਰੀ ਪੰਚਾਲ ਨੇ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ।