ਘਰ ਵਿੱਚ ਅੱਗ ਕਾਰਨ ਸਾਮਾਨ ਸੜਿਆ
ਇੱਥੇ ਨਿਊ ਪੰਜਾਬੀ ਬਾਗ ਕਲੋਨੀ ਸਥਿਤ ਇਕ ਘਰ ਵਿੱਚ ਅੱਜ ਦੁਪਹਿਰੇ ਅਚਾਨਕ ਅੱਗ ਲੱਗਣ ਕਾਰਨ ਘਰ ਵਿੱਚ ਪਿਆ ਫਰਨੀਚਰ ਤੇ ਹੋਰ ਸਾਮਾਨ ਸੜਨ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੂਚਨਾ ਮਿਲਣ ’ਤੇ ਪੰਹੁਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਤਾਂ ਉਸ ਸਮੇਂ ਤੱਕ ਸਾਰਾ ਸਾਮਾਨ ਸੜ ਚੁੱਕਿਆ ਸੀ। ਘਰ ਦੇ ਮਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਵਿੱਚ ਜਦੋਂ ਕੰਮ ਕਰ ਰਿਹਾ ਸੀ ਤਾਂ ਗੁਆਂਢੀਆਂ ਨੇ ਉਸ ਦੇ ਘਰ ਵਿੱਚ ਨਿਕਲ ਰਹੇ ਧੂੰਏਂ ਦੀ ਸੂਚਨਾ ਦਿੱਤੀ। ਜਦੋਂ ਉਹ ਪਿਛਲੇ ਪਾਸੇ ਗਿਆ ਤਾਂ ਘਰ ਵਿੱਚੋਂ ਧੂੰਆਂ ਨਿਕਲਦਾ ਵੇਖ ਕੇ ਗੁਰਦੁਆਰਾ ਸਾਹਿਬ ਗਏ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਕੇ ਬੁਲਾਇਆ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਕਾਮਿਆਂ ਨੇ ਘਟਨਾ ਵਾਲੀ ਜਗ੍ਹਾ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਅੱਗ ਬੁਝਾਈ ਗਈ ਉਦੋਂ ਤੱਕ ਕੂਲਰ, ਵਾਸ਼ਿੰਗ ਮਸ਼ੀਨ, ਬੈੱਡ, ਪੱਖੇ ਤੇ ਦਸਤਾਵੇਜ਼ ਸੜ ਗਏ ਸਨ। ਉਨ੍ਹਾਂ 6 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ, ਜਦੋਂ ਕਿ ਧਮਾਕੇ ਦੀ ਆਵਾਜ਼ ਨਾਲ ਅਚਾਨਕ ਅੱਗ ਲੱਗਣ ਸੰਬਧੀ ਲੋਕਾਂ ਵੱਲੋਂ ਸੂਚਿਤ ਕੀਤਾ ਗਿਆ ਸੀ। ਇਸ ਦੌਰਾਨ ਉਸ ਨੇ ਪ੍ਰਸ਼ਾਸਨ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਦੁਕਾਨ ਨਾਲ ਗੁਜ਼ਾਰਾ ਚਲਾਉਂਦਾ ਹੈ। ਇਸ ਲਈ ਉਸ ਦੀ ਵਿੱਤੀ ਮਦਦ ਕੀਤੀ ਜਾਵੇ।