ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਂਡਿਆਂ ਦੀ ਫੈਕਟਰੀ ਨੂੰ ਅੱਗ ਲੱਗੀ; ਮਜ਼ਦੂਰ ਦੀ ਮੌਤ

ਨਰਵਾਣਾ-ਜਾਖਲ ਬਾਈਪਾਸ ਰੋਡ ’ਤੇ ਭਾਂਡਿਆਂ ਦੀ ਫੈਕਟਰੀ ਵਿੱਚ ਅੱਗ ਲੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਪਾਤੜਾਂ ਲਿਜਾਇਆ ਗਿਆ। ਇਸ ਦੌਰਾਨ ਦੋ ਨੂੰ ਮੁੱਢਲੀ ਸਹਾਇਤਾ...
ਭਾਂਡਿਆਂ ਦੀ ਫੈਕਟਰੀ ਵਿੱਚ ਅੱਗ ਬੁਝਾਉਂਦੇ ਹੋਏ ਮੁਲਾਜ਼ਮ।
Advertisement

ਨਰਵਾਣਾ-ਜਾਖਲ ਬਾਈਪਾਸ ਰੋਡ ’ਤੇ ਭਾਂਡਿਆਂ ਦੀ ਫੈਕਟਰੀ ਵਿੱਚ ਅੱਗ ਲੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਪਾਤੜਾਂ ਲਿਜਾਇਆ ਗਿਆ। ਇਸ ਦੌਰਾਨ ਦੋ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਘਰ ਭੇਜ ਦਿੱਤਾ ਗਿਆ ਤੇ ਗੰਭੀਰ ਜ਼ਖਮੀ ਔਰਤ ਗੁਰਜੀਤ ਕੌਰ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਮ੍ਰਿਤਕ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਫੈਕਟਰੀ ਵਿੱਚ ਮਜ਼ਦੂਰਾਂ ਦੇ ਖੜ੍ਹੇ ਦਰਜਨ ਦੇ ਕਰੀਬ ਮੋਟਰਸਾਈਕਲ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਡੇਰਾ ਸਿਰਸਾ ਦੀ ਗਰੀਨ ਐੱਸ ਵੈੱਲਫੇਅਰ ਫੋਰਸ ਦੇ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਫੈਕਟਰੀ ਦੇ ਨਾਲ ਲੱਗਦੇ ਖੇਤਾਂ ’ਚ ਬਰਸਾਤ ਦੇ ਪਾਣੀ ਤੇ ਚਿੱਕੜ ਕਰਕੇ ਅੱਗ ਬੁਝਾਉਣ ਵਿੱਚ ਮੁਸ਼ਕਿਲ ਪੇਸ਼ ਆਈ। ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਅਤੇ ਡੇਰਾ ਸਿਰਸਾ ਦੀ ਸੰਗਤ ਦੀ ਮੁਸ਼ੱਕਤ ਮਗਰੋਂ ਕਰੀਬ ਸੱਤ ਘੰਟੇ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਇਸ ਸਾਰੇ ਅਪਰੇਸ਼ਨ ਦੀ ਅਗਵਾਈ ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਵੱਲੋਂ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਅਤੇ ਐੱਸਪੀ ਹੈਡਕੁਆਰਟਰ ਵੈਭਵ ਚੌਧਰੀ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਬਚਾਅ ਕਾਰਜਾਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। 51 ਬਟਾਲੀਅਨ ਆਈਟੀਬੀਟੀ ਚੌਰਾ ਕੈਂਪ ਪਟਿਆਲਾ ਤੋਂ ਇੰਸਪੈਕਟਰ ਜੀਡੀ ਰਮੇਸ਼ ਚੰਦ ਦੀ ਅਗਵਾਈ ਵਿੱਚ ਪੁੱਜੀ ਟੀਮ ਨੇ ਬਚਾਅ ਕਾਰਜ ਚਲਾਇਆ। ਇਸ ਮਗਰੋਂ ਬਠਿੰਡਾ ਤੋਂ ਐੱਨਡੀਆਰਐੱਫ ਦੀ ਟੀਮ ਨੇ ਪਹੁੰਚ ਕੇ ਅਪਰੇਸ਼ਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਫੈਕਟਰੀ ਵਿਚਲੇ ਮਲਬੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਬਿਲੇਗੌਰ ਹੈ ਕਿ ਸਿੰਗਲਾ ਮੈਟਲ ਇੰਡਸਟਰੀਜ਼ ਦੇ ਯੂਨਿਟ ਨੰਬਰ ਦੋ ਵਿੱਚ ਸਵੇਰੇ 10 ਵਜੇ ਦੇ ਕਰੀਬ ਅਚਾਨਕ ਫੈਕਟਰੀ ਦੇ ਬਾਹਰ ਲੱਗੇ ਟਰਾਂਸਫਾਰਮਰ ਤੋਂ ਬਿਜਲੀ ਦਾ ਸ਼ਾਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਸੀ। ਫੈਕਟਰੀ ਵਿੱਚ ਵੱਡੇ ਪੱਧਰ ਉੱਤੇ ਭਾਂਡਿਆਂ ਨੂੰ ਪੈਕ ਕਰਨ ਲਈ ਵਰਤੇ ਜਾਂਦੇ ਗੱਤੇ ਤੇ ਪਲਾਸਟਿਕ ਦਾ ਭੰਡਾਰ ਹੋਣ ਕਰਕੇ ਅੱਗ ਕੁਝ ਹੀ ਮਿੰਟਾਂ ਵਿੱਚ ਫੈਲ ਗਈ। ਜਦੋਂ ਕਿ ਕਰਨ ਸਕਸੈਨਾ ਅਤੇ ਜਸਵੀਰ ਸਿੰਘ ਨਾਂ ਦੇ ਮਜ਼ਦੂਰਾਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ। ਖ਼ਬਰ ਲਿਖੇ ਜਾਣ ਤੱਕ ਹਾਦਸੇ ਵਿੱਚ ਮ੍ਰਿਤਕ ਪਰਵਾਸੀ ਮਜ਼ਦੂਰ ਦੀ ਪਛਾਣ ਨਹੀਂ ਹੋ ਸਕੀ। ਐੱਸਡੀਐੱਮ ਅਸ਼ੋਕ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਘਟਨਾ ਦੀ ਡੂੰਘਾਈ ਨਾਲ ਪੜਤਾਲ ਕਰ ਰਿਹਾ ਹੈ।

Advertisement
Advertisement
Show comments