ਝੋਨੇ ’ਤੇ ਚੀਨੀ ਵਾਇਰਸ ਦੇ ਹਮਲੇ ਮਗਰੋਂ ਕਿਸਾਨ ਫਿਕਰਮੰਦ
ਸੂੁਬੇ ਵਿੱਚ ਹੜ੍ਹ ਦੇ ਪਾਣੀ ਦੀ ਮਾਰ ਦੇ ਨਾਲ-ਨਾਲ ਝੋਨੇ ਦੀ ਫ਼ਸਲ ’ਤੇ ਚੀਨੀ ਵਾਇਰਸ ਨੇ ਹਮਲਾ ਕਰ ਦਿੱਤਾ ਹੈ, ਜਿਸ ਕਾਰਨ ਕਿਸਾਨ ਫਿਕਰਾਂ ’ਚ ਪੈ ਗਏ ਹਨ।
ਹਲਕਾ ਸਮਾਣਾ ਦੇ ਪਿੰਡ ਰੰਧਾਵਾ, ਕਮਾਲਪੁਰ, ਬੀਬੀਪੁਰ, ਨਿਜਾਮਨੀ ਵਾਲਾ, ਕਰਹਾਲੀ ਸਾਹਿਬ ਤੇ ਨਵਾਂ ਗਾਉਂ ਦਾ ਦੌਰਾ ਕਰਨ ’ਤੇ ਕਿਸਾਨ ਜਰਨੈਲ ਸਿੰਘ ਤੇ ਮਲਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਖੇਤ 1401 ਬਾਸਮਤੀ ਝੋਨਾ ਲਾਇਆ ਸੀ ਅਤੇ ਉਨ੍ਹਾਂ ਆਮ ਵਾਂਗ ਖਾਦਾਂ, ਕੀੜੇਮਾਰ ਦਵਾਈਆਂ ਦੀ ਸਪਰੇਅ ਤੇ ਹੋਰ ਦੇਖਭਾਲ ਕੀਤੀ, ਪਰ ਹੁਣ ਪੱਕਣ ਸਮੇਂ ਇਸ ਦੇ ਬੂਟੇ ਪੀਲੇ ਪੈ ਗਏ ਤੇ ਮੁੰਜਰਾਂ ਵਿੱਚ ਕੋਈ ਵੀ ਦਾਣਾ ਨਹੀਂ ਬਣਿਆ। ਉਨ੍ਹਾਂ ਦੱਸਿਆ ਕਿ ਉਹ ਖੇਤੀ ਮਾਹਿਰਾਂ ਦੀ ਸਲਾਹ ਨਾਲ ਇਸ ਫ਼ਸਲ ’ਤੇ ਕੀੜੇਮਾਰ ਦਵਾਈਆਂ ਦੀ ਸਪਰੇਅ ਵੀ ਕਰ ਚੁੱਕੇ ਹਨ ਪਰ ਜੀਰੀ ਦਾ ਬੂਟਾ ਕਿਸੇ ਤਰ੍ਹਾਂ ਵੀ ਵਧ-ਫੁਲ ਨਹੀਂ ਰਿਹਾ। ਉਨ੍ਹਾਂ ਪਿੰਡ ਰੰਧਾਵਾ ਵਿੱਚ ਹੀ 150 ਏਕੜ ਰਕਬੇ ਵਿੱਚ ਫਸਲ ਖਰਾਬ ਹੋਣ ਬਾਰੇ ਦੱਸਿਆ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਪਿੰਡਾਂ ’ਚ ਸਾਊਥਰਨ ਰਾਈਸ ਬਲੈਕ ਸਟਰੀਕ ਡਵਾਰਫ ਵਾਇਰਸ ਦੀ ਮਾਰ ਵਾਲੇ ਖੇਤਾਂ ਦਾ ਸਰਵੇਖਣ ਕਰਵਾ ਕੇ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦੇਵੇ।
ਫ਼ਸਲ ਦੀ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ: ਖੇਤੀਬਾੜੀ ਅਧਿਕਾਰੀ
ਖੇਤੀਬਾੜੀ ਅਫਸਰ ਡਾ. ਸਤੀਸ਼ ਨੇ ਦੱਸਿਆ ਕਿ ਪੰਜਾਬ ’ਚ 2022 ਵਿੱਚ ਖੇਤੀ ਮਾਹਿਰਾਂ ਵੱਲੋਂ ਤਸਦੀਕ ਕੀਤੀ ਗਈ ਇਸ ਇਸ ਬਿਮਾਰੀ ਦੇ ਇਲਾਜ ਲਈ ਕੋਈ ਦਵਾਈ ਨਹੀਂ, ਪਰ ਇਸ ਬਿਮਾਰੀ ਕਾਰਨ ਫ਼ਸਲ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਉਹ ਖੁਦ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਦਵਾਈਆਂ ’ਤੇ ਹੋਰ ਖ਼ਰਚਾ ਕਰਨ ਤੋਂ ਰੋਕ ਕੇ ਅੰਕੜੇ ਇਕੱਠੇ ਕਰ ਰਹੇ ਹਨ। ਤਾਂ ਕਿ ਸਰਕਾਰ ਨੂੰ ਅਗਾਊਂ ਸੁਚੇਤ ਕੀਤਾ ਜਾ ਸਕੇ।