ਭਲਕੇ ਡੀ ਸੀ ਦਫ਼ਤਰ ਘੇਰਨਗੇ ਕਿਸਾਨ
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੀ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ’ਤੇ ਕਿਸਾਨਾਂ ਦੇ ਮਸਲਿਆਂ ਨੂੰ ਨਜ਼ਰਅੰਦਾਜ ਕਰਨ ਦੇ ਦੋਸ਼ ਲਾਏ ਗਏ। ਇਸ ਦੌਰਾਨ ਆਗੂਆਂ ਨੇ ਐਲਾਨ ਕੀਤਾ ਕਿ 24 ਅਕਤੂਬਰ ਨੂੰ ਡੀ ਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਕਾਮਰੇਡ ਧਰਮਪਾਲ ਸੀਲ ਦੀ ਅਗਵਾਈ ਹੇਠ ਮੀਟਿੰਗ ’ਚ ਬਲਰਾਜ ਜੋਸ਼ੀ, ਦਵਿੰਦਰ ਪੂਨੀਆ, ਅਵਤਾਰ ਸਿੰਘ ਕੌਰਜੀਵਾਲਾ, ਜਸਬੀਰ ਖੇੜੀ, ਗੁਰਬਚਨ ਸਿੰਘ, ਹਰਬੰਸ ਸਿੰਘ , ਜਗਪਾਲ ਸਿੰਘ ਊਧਾ, ਗੁਰਮੇਲ ਸਿੰਘ, ਅੰਗਰੇਜ ਸਿੰਘ ਅਤੇ ਬਲਵੀਰ ਭੱਟਮਾਜਰਾ ਸ਼ਾਮਲ ਸਨ। ਕਿਸਾਨ ਆਗੂ ਮਾਸਟਰ ਦਵਿੰਦਰ ਸਿੰਘ ਪੂਨੀਆ ਨੇ ਦੱਸਿਆ ਕਿ ਕਿਸਾਨ ਮਸਲਿਆਂ ਬਾਰੇ ਮੀਟਿੰਗ ਲਈ ਡਾ. ਪ੍ਰੀਤੀ ਯਾਦਵ ਅਕਸਰ ਹੀ ਕਿਸਾਨਾਂ ਨਾਲ਼ ਟਾਲ ਮਟੋਲ ਵਾਲੀ ਨੀਤੀ ਅਪਣਾਉਂਦੇ ਰਹਿੰਦੇ ਹਨ। ਪਿਛਲੇ ਦਿਨੀਂ ਮੀਟਿੰਗ ਤੈਅ ਕਰਨ ’ਤੇ ਕਿਸਾਨ ਆਗੂ ਵੀ ਪੁੱਜੇ ਪਰ ਡੇਢ ਘੰਟੇ ਦੀ ਉਡੀਕ ਮਗਰੋਂ ਡੀ ਸੀ ਨੇ ਰੁਝੇਵੇਂ ਦੇ ਹਵਾਲੇ ਨਾਲ ਮੀਟਿੰਗ ’ਚ ਆਉਣ ਤੋਂ ਇਨਕਾਰ ਕਰ ਦਿੱਤਾ। ਅੱਜ ਦੀ ਮੀਟਿੰਗ ’ਚ ਇਸ ਗੱਲ ’ਤੇ ਵੀ ਅਫਸੋਸ ਜ਼ਾਹਿਰ ਕੀਤਾ ਗਿਆ ਕਿ ਇਸ ਘਟਨਾ ਤੋਂ ਕਈ ਦਿਨਾਂ ਮਗਰੋਂ ਵੀ ਡੀ.ਸੀ ਨੇ ਕੋਈ ਅਹਿਸਾਸ ਨਹੀਂ ਕੀਤਾ ਜਿਸ ਕਰ ਕੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ 24 ਅਕਤੂਬਰ ਨੂੰ ਡੀ ਸੀ ਦਫਤਰ ਦੇ ਘਿਰਾਓ ਦਾ ਫੈਸਲਾ ਲਿਆ ਗਿਆ। ਧਰਮਪਾਲ ਸੀਲ ਦਾ ਕਹਿਣਾ ਸੀ ਕਿ ਜਿੰਨਾ ਚਿਰ ਕਿਸਾਨ ਮਸਲਿਆਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਉਦੋਂ ਡੀ ਸੀ ਦਫਤਰ ਦਾ ਘਿਰਾਓ ਜਾਰੀ ਰੱਖਿਆ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਖਾਸ ਕਰਕੇ ਘੱਗਰ ਤੇ ਸ਼ਹਿਰ ਦੀਆਂ ਨਦੀਆਂ ਦੀ ਸਫਾਈ, ਡੀ ਏ ਪੀ ਖਾਦ ਦਾ ਪ੍ਰਬੰਧ, ਮੰਡੀਆਂ ਵਿੱਚ ਵੱਧ ਨਮੀ ਦੀ ਆੜ ਵਿੱਚ ਕਿਸਾਨਾਂ ਦੀ ਖੱਜਲ ਖੁਆਰੀ ਰੋਕਣ, ਪਰਾਲੀ ਪ੍ਰਬੰਧਨ, ਝੋਨੇ ਦੀ ਅਦਾਇਗੀ, ਝੋਨੇ ’ਤੇ ਚੀਨੀ ਵਾਇਰਸ ਤੇ ਹਲਦੀ ਰੋਗ ਦੇ ਨੁਕਸਾਨ ਦਾ ਮੁਆਵਜ਼ੇ ਦੀ ਮੰਗ ਕੀਤੀ ਜਾਵੇਗੀ।