ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ’ਤੇ ਧਰਨੇ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ’ਚ ਦੋ ਘੰਟੇ ਰੇਲ ਪਟੜੀਆਂ ’ਤੇ ਧਰਨੇ ਦੇ ਕੇ ਰੇਲਗੱਡੀਆਂ ਰੋਕੀਆਂ। ਇਸ ਦੌਰਾਨ ਪੰਜਾਬ ਦੇ ਪ੍ਰਵੇਸ਼ ਦੁਆਰ ਵਜੋਂ ਜਾਣਿਆ ਜਾਂਦਾ ਰੇਲਵੇ ਸਟੇਸ਼ਨ ਸ਼ੰਭੂ ਦਾ ਧਰਨਾ ਵਧੇਰੇ ਖਿੱਚ ਦਾ ਕੇਂਦਰ ਰਿਹਾ, ਜਿੱਥੇ ਕਈ ਕਿਸਾਨ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਇਸ ਧਰਨੇ ’ਚ ਹੋਰ ਕਿਸਾਨੀ ਮੰਗਾਂ ਸਣੇ ਸਵਾ ਸਾਲ ਤੱਕ ਚੱਲੇ ਸ਼ੰਭੂ ਮੋਰਚੇ ਦੌਰਾਨ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਸਮੇਤ ਹੋਰ ਸਾਮਾਨ ਚੋਰੀ ਹੋਣ ਦਾ ਮਾਮਲਾ ਵੀ ਭਖ਼ਿਆ ਰਿਹਾ ਤੇ ‘ਆਪ’ ਵਿਧਾਇਕ ਗੁਰਲਾਲ ਘਨੌਰ ਦਾ ਨਾਮ ਗੂੰਜਦਾ ਰਿਹਾ। ਇਸ ਨੁਕਸਾਨ ਦੀ ਅਜੇ ਤੱਕ ਵੀ ਭਰਪਾਈ ਨਾ ਕਰਨ ’ਤੇ ਸਰਕਾਰ ਦੀ ਨਿਖੇਧੀ ਕੀਤੀ ਗਈ।
ਸ਼ੰਭੂ ਧਰਨੇ ਦੌਰਾਨ ਕਿਸਾਨ ਯੂਨੀਅਨ ਭਟੇੜੀ ਦੇ ਸੂਬਾ ਪ੍ਰਧਾਨ ਜੰਗ ਸਿੰਘ ਭਟੇੜੀ, ਬਲਕਾਰ ਬੈਂਸ, ਬੀ ਕੇ ਯੂ ਪੁਆਧ ਦੇ ਸੂਬਾ ਪ੍ਰਧਾਨ ਚਰਨਜੀਤ ਝੂੰਗੀਆਂ ਤੇ ਹਰਵਿੰਦਰ ਮਿੱਠੂ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ, ਸੂਬਾ ਆਗੂ ਬਲਜਿੰਦਰ ਢੀਂਡਸਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਇੰਦਰਮੋਹਨ ਘੁਮਾਣਾ ਤੇ ਸਤਨਾਮ ਸਿੰਘ ਨੇ ਸੰਬੋਧਨ ਕੀਤਾ।
ਭਾਰਤੀ ਕਿਸਾਨ ਯੂਨੀਅਨ ਆਜ਼ਾਦ ਵੱਲੋਂ ਪਿੰਡ ਕਕਰਾਲਾ ਵਿੱਚ ਰੇਲਵੇ ਲਾਈਨ ’ਤੇ ਦਿੱਤੇ ਧਰਨੇ ’ਚ ਸੂਬਾਈ ਆਗੂ ਮਨਜੀਤ ਨਿਆਲ, ਯਾਦਵਿੰਦਰ ਬੂਰੜ ਤੇ ਚਮਕੌਰ ਸਿੰਘ ਨੇ ਵੀ ਸ਼ਿਰਕਤ ਕੀਤੀ।
ਕਿਸਾਨਾਂ ਨੇ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ। ਉਨ੍ਹਾਂ ‘ਆਪ’ ਸਰਕਾਰ ਖ਼ਿਲਾਫ਼ ਲੋਕਾਂ ’ਤੇ ਜ਼ੁਲਮ ਕਰਨ ਦੇ ਦੋਸ਼ ਲਾਏ। ਕਿਸਾਨ ਨੇਤਾ ਮਨਜੀਤ ਨਿਆਲ ਨੇ ਦੱਸਿਆ ਕਿ 10 ਦਸੰਬਰ ਨੂੰ ਚਿੱਪ ਮੀਟਰ ਹਟਾ ਕੇ ਬਿਜਲੀ ਬੋਰਡ ਦਫ਼ਤਰ ਵਿੱਚ ਰੱਖੇ ਜਾਣਗੇ, ਜਦਕਿ 17 ਅਤੇ 18 ਦਸੰਬਰ ਨੂੰ ਡੀ ਸੀ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ।
