ਡੀ ਏ ਪੀ ਨਾਲ ਨੈਨੋ ਯੂਰੀਆ ਦੇਣ ਦਾ ਕਿਸਾਨਾਂ ਵੱਲੋਂ ਵਿਰੋਧ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਵਫਦ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ ਦੀ ਅਗਵਾਈ ਵਿੱਚ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਵਿਪਨ ਸਿੰਗਲਾ ਤੇ ਇਫਕੋ ਦੇ ਮੈਨੇਜਮੈਂਟ ਡਾਇਰੈਕਟਰ ਨੂੰ ਮਿਲਿਆ। ਇਸ ਦੌਰਾਨ ਇਨ੍ਹਾਂ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਕਿ ਸਹਿਕਾਰੀ ਸਭਾਵਾਂ ਤੇ ਬਾਜ਼ਾਰ ਵਿੱਚ ਡੀਲਰਾਂ ਵੱਲੋਂ ਕਿਸਾਨਾਂ ਨੂੰ ਯੂਰੀਆ ਤੇ ਡੀ ਏ ਪੀ ਖਾਦਾਂ ਦੇ ਨਾਲ ਟੈਗ ਕਰਕੇ ਨੈਨੋ ਯੂਰੀਆ ਤੇ ਨੈਨੋ ਡੀ ਏ ਪੀ ਜਬਰਦਸਤੀ ਥੋਪਿਆ ਜਾ ਰਿਹਾ ਹੈ। ਵਫਦ ਨੇ ਕਿਸਾਨਾਂ ਦੀ ਹੋ ਰਹੀ ਅਜਿਹੀ ਲੁੱਟ ਖੁਸੱਟ ਬੰਦ ਕਰਵਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਜਥੇਬੰਦੀ ਦਾ ਵਫਦ ਮੁੱਖ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਨੂੰ ਮਿਲ ਕੇ ਝੋਨੇ ਦੇ ਵਿੱਚ ਬੌਣੇ ਬੂਟਿਆਂ ਨਾਲ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਤੁਰੰਤ ਗਿਰਦਾਵਰੀਆਂ ਕਰਨ ਦੇ ਹੁਕਮ ਜਿੱਤੇ ਜਾਣ ਤਾਂ ਜੋ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਯੂਨੀਅਨ ਦੇ ਸੂਬਾਈ ਖਜ਼ਾਨਚੀ ਰਾਮ ਸਿੰਘ ਮਟੋਰੜਾ, ਸੂਬਾ ਸਹਾਇਕ ਖਜ਼ਾਨਚੀ ਦਲਜਿੰਦਰ ਸਿੰਘ ਆਲੋਵਾਲ ਤੇ ਜ਼ਿਲ੍ਹਾ ਜਨਰਲ ਸੈਕਟਰੀ ਜਗਮੇਲ ਸਿੰਘ ਸੁੱਧੇਵਾਲ ਆਦਿ ਹਾਜ਼ਰ ਸਨ।