ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
ਸ਼ਹਿਰ ਵਿੱਚ ਖਾਦ ਲੈਣ ਆਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਲਖਵਿੰਦਰ ਸਿੰਘ ਹਰਿੰਦਰ ਸਿੰਘ ਤੇ ਕਿਸਾਨ ਆਗੂ ਦਲਜੀਤ ਸਿੰਘ ਚੱਕ ਅੰਮ੍ਰਿਤਸਰੀਆ ਨੇ ਦੱਸਿਆ ਕਿ ਡੀ ਏ ਪੀ ਅਤੇ ਯੂਰੀਆ ਖਾਦ ਕਿਸੇ ਵੀ ਦੁਕਾਨ ਤੋਂ ਨਹੀਂ ਮਿਲ ਰਹੀ ਜਦੋਂਕਿ ਕਣਕ, ਮਟਰ ਤੇ ਆਲੂ ਦੀ ਬਿਜਾਈ ਜੋਰਾਂ ਤੇ ਚੱਲ ਰਹੀ ਹੈ। ਕਿਸਾਨ ਖਾਦ ਲਈ ਦਰ-ਦਰ ਭਟਕਦੇ ਫਿਰ ਰਹੇ ਹਨ। ਕਿਸਾਨ ਹਰਿੰਦਰ ਸਿੰਘ ਨੇ ਦੱਸਿਆ ਕਿ ਹਰਿਆਣਾ ਸੂਬੇ ਵਿੱਚ 1650-1700 ਰੁਪਏ ਪ੍ਰਤੀ ਥੈਲਾ ਡੀ ਏ ਪੀ ਮੰਗਵਾਈ ਹੈ।
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਕਰੀਬ 6 ਲੱਖ ਏਕੜ ਵਿੱਚ ਕਣਕ ਦੀ ਬਿਜਾਈ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ ਜਿਸ ਲਈ 70 ਫ਼ੀਸਦੀ ਤੋਂ ਉੱਪਰ ਯੂਰੀਆ ਤੇ ਡੀ ਏ ਪੀ ਕਿਸਾਨਾਂ ਨੂੰ ਮਿਲ ਚੁੱਕਾ ਹੈ ਤੇ ਜਿਹੜੇ ਕਿਸਾਨ ਖਾਦ ਤੋਂ ਬਿਨਾਂ ਰਹਿੰਦੇ ਹਨ, ਉਨ੍ਹਾਂ ਨੂੰ ਵੀ ਜਲਦੀ ਹੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 20990 ਮੀਟ੍ਰਿਕ ਟਨ ਯੂਰੀਆ ਅਤੇ 4000 ਟਨ ਡੀ ਏ ਪੀ ਖਾਦ ਦਾ ਸਟਾਕ ਹੈ। ਕਿਸੇ ਵੀ ਕਿਸਾਨ ਨੂੰ ਬਲੈਕ ਵਿੱਚ ਖਾਦ ਲੈਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਇਹ ਮੰਗ ਇੱਕ-ਦੋ ਦਿਨਾਂ ਵਿੱਚ ਹੀ ਪੂਰੀ ਕਰ ਦੇਵੇਗੀ।
