ਕੋਰਟ ਕੰਪਲੈਕਸ ’ਚ ਕੈਦੀਆਂ ਵੱਲੋਂ ਤਿਆਰ ਵਸਤਾਂ ਦੀ ਪ੍ਰਦਰਸ਼ਨੀ
ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਰੁਪਿੰਦਰਜੀਤ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਜੇਐਮ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਦੀਪ ਕੰਬੋਜ ਦੀ ਨਿਗਰਾਨੀ ਹੇਠ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਕੈਦੀਆਂ ਵੱਲੋਂ ਬਣਾਈਆਂ ਵਸਤਾਂ ਦੀ ਪ੍ਰਦਰਸ਼ਨੀ ਤੇ ਸੇਲ ਅੱਜ ਜ਼ਿਲ੍ਹਾ ਕੋਰਟ ਕੰਪਲੈਕਸ ਪਟਿਆਲਾ ਵਿੱਚ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਜੇਲ੍ਹ ਅਧਿਕਾਰੀਆਂ ਦੇ ਸਹਿਯੋਗ ਨਾਲ ਕੈਦੀਆਂ ਦੇ ਹੱਥਾਂ ਨਾਲ ਬਣੀਆਂ ਰੱਖੜੀਆਂ, ਫੁਲਕਾਰੀ ਦੁਪੱਟੇ ਅਤੇ ਕੱਪੜੇ ਦੇ ਬੈਗ ਸ਼ਾਮਲ ਸਨ। ਇਨ੍ਹਾਂ ਚੀਜ਼ਾਂ ਦੀ ਜੱਜਾਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਇਨ੍ਹਾਂ ਚੀਜ਼ਾਂ ਨੂੰ ਜੱਜਾਂ ਅਤੇ ਕੋਰਟ ਸਟਾਫ਼ ਵੱਲੋਂ ਖ਼ਰੀਦਿਆ ਗਿਆ।
ਇਸ ਮੌਕੇ ਸੀਜੇਐੱਮ ਤੇ ਸਕੱਤਰ ਅਮਨਦੀਪ ਕੰਬੋਜ ਨੇ ਇਹ ਵੀ ਦੱਸਿਆ ਕਿ 3 ਸਤੰਬਰ ਨੂੰ ਜ਼ਿਲ੍ਹਾ ਪਟਿਆਲਾ ਵਿੱਚ ਚੈੱਕ ਬਾਊਂਸ ਕੇਸਾਂ, ਪੈਸੇ ਦੀ ਵਸੂਲੀ ਦੇ ਕੇਸ, ਲੇਬਰ ਅਤੇ ਰੁਜ਼ਗਾਰ ਝਗੜਿਆਂ ਦੇ ਕੇਸ, ਬਿਜਲੀ, ਪਾਣੀ ਦੇ ਬਿੱਲਾਂ ਅਤੇ ਹੋਰ ਬਿੱਲਾਂ ਦੇ ਭੁਗਤਾਨ ਦੇ ਕੇਸ, ਰੱਖ-ਰਖਾਅ ਦੇ ਕੇਸ, ਹੋਰ ਫ਼ੌਜਦਾਰੀ ਕੰਪਾਊਂਡੇਬਲ ਕੇਸ ਅਤੇ ਹੋਰ ਦੀਵਾਨੀ ਝਗੜੇ ਅਤੇ ਅਦਾਲਤਾਂ ਵਿੱਚ ਲੰਬਿਤ ਕੇਸਾਂ ਨਾਲ ਸਬੰਧਿਤ ਟ੍ਰਿਬਿਊਨਲ ਜਿਵੇਂ ਕਿ ਕ੍ਰਿਮੀਨਲ ਕੰਪਾਊਂਡੇਬਲ ਓਫੈਂਸ, ਚੈੱਕ ਬਾਊਂਸ ਕੇਸ, ਮਨੀ ਰਿਕਵਰੀ ਕੇਸ, ਲੇਬਰ ਅਤੇ ਰੁਜ਼ਗਾਰ ਝਗੜੇ ਦੇ ਕੇਸ, ਬਿਜਲੀ, ਪਾਣੀ ਦੇ ਬਿੱਲ ਅਤੇ ਹੋਰ ਬਿੱਲ ਭੁਗਤਾਨ ਕੇਸ, ਵਿਆਹੁਤਾ ਝਗੜੇ ਤੇ ਜ਼ਮੀਨ ਗ੍ਰਹਿਣ ਮਾਮਲੇ ਆਦਿ ਨਾਲ ਸਬੰਧਤ ਕੇਸਾਂ ਲਈ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ। ਇਸ ਮੰਤਵ ਲਈ ਪਟਿਆਲਾ, ਰਾਜਪੁਰਾ, ਸਮਾਣਾ ਅਤੇ ਨਾਭਾ ਵਿੱਚ ਨਿਆਇਕ ਅਦਾਲਤਾਂ ਦੇ ਬੈਂਚਾਂ ਦਾ ਗਠਨ ਕੀਤਾ ਜਾਵੇਗਾ।