ਜ਼ਿਲ੍ਹੇ ’ਚ ਅੱਠ ਹਜ਼ਾਰ ਏਕੜ ਝੋਨਾ ਮਧਰੇਪਣ ਤੇ ਹਲਦੀ ਰੋਗ ਕਾਰਨ ਪ੍ਰਭਾਵਿਤ: ਬਲਬੀਰ ਸਿੰਘ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਖੇਤੀਬਾੜੀ ਵਿਭਾਗ ਦੇ ਮਾਹਰਾਂ ਦੀ ਟੀਮ ਨਾਲ ਪਟਿਆਲਾ ਦੇ ਨੇੜਲੇ ਪਿੰਡਾਂ ਲੰਗ, ਲਚਕਾਣੀ, ਨਵਾਂ ਫਤਿਹਪੁਰ, ਬਖ਼ਸ਼ੀਵਾਲਾ, ਦੰਦਰਾਲਾ ਖੁਰਦ, ਲੌਟ, ਆਲੋਵਾਲ ਅਤੇ ਸਿੱਧੂਵਾਲ ਦਾ ਦੌਰਾ ਕਰਕੇ ਸਦਰਨ ਰਾਈਸ ਬਲੈਕ ਸਟ੍ਰੀਕਡ ਡਾਰਫ਼ ਵਾਇਰਸ (ਬੌਣਾ ਵਾਇਰਸ) ਅਤੇ ਹਲਦੀ ਰੋਗ (ਝੂਠੀ ਕਾਂਗਿਆਰੀ) ਨਾਲ ਪ੍ਰਭਾਵਿਤ ਝੋਨੇ ਦੀ ਫ਼ਸਲ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਇਰਸ ਨਾਲ ਪ੍ਰਭਾਵਿਤ ਫ਼ਸਲ ਸਬੰਧੀ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਨਾਲ ਵੀ ਗੱਲ ਕੀਤੀ ਗਈ ਹੈ ਤਾਂ ਜੋ ਇਸ ਦਾ ਢੁੱਕਵਾਂ ਹੱਲ ਕਰਕੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮਧਰੇਪਣ ਦੀ ਬਿਮਾਰੀ ਨਾਲ ਝੋਨੇ ਦਾ ਨੁਕਸਾਨ ਹੋਇਆ ਹੈ, ਜਦ ਕਿ ਸਿਰਫ ਪਟਿਆਲਾ ਜ਼ਿਲ੍ਹੇ ’ਚ ਲਗਭਗ 8 ਹਜ਼ਾਰ ਏਕੜ ਝੋਨੇ ਦੀ ਫ਼ਸਲ ਇਸ ਵਾਇਰਸ ਤੇ ਹਲਦੀ ਰੋਗ (ਝੂਠੀ ਕਾਂਗਿਆਰੀ) ਨਾਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਮਾਹਰਾਂ ਨੂੰ ਹਦਾਇਤ ਕੀਤੀ ਕਿ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇ ਅਤੇ ਫ਼ੌਰੀ ਰਾਹਤ ਲਈ ਕਦਮ ਚੁੱਕੇ ਜਾਣ ਤਾਂ ਜੋ ਵਾਇਰਸ ਹੋਰ ਨਾ ਫੈਲੇ। ਖੇਤੀਬਾੜੀ ਵਿਭਾਗ ਦੇ ਮਾਹਰਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਇਸ ਵਾਰ 25 ਜੂਨ ਤੋਂ ਪਹਿਲਾਂ ਲਗਾਏ ਗਏ ਝੋਨੇ, ਖ਼ਾਸ ਕਰਕੇ ਪੀਆਰ 131, ਪੀਆਰ 132 ਅਤੇ ਪੀਆਰ 114 ਵਰਗੀਆਂ ਕਿਸਮਾਂ ਇਸ ਬਿਮਾਰੀ ਨਾਲ ਵੱਧ ਪ੍ਰਭਾਵਿਤ ਹੋਈਆਂ ਹਨ। ਝੂਠੀ ਕਾਂਗਿਆਰੀ ਤੋਂ ਪ੍ਰਭਾਵਿਤ ਬੂਟੇ ਬੌਣੇ (ਮਧਰੇ) ਰਹਿ ਜਾਂਦੇ ਹਨ, ਠੀਕ ਤਰ੍ਹਾਂ ਵਧ ਨਹੀਂ ਸਕਦੇ ਅਤੇ ਉਨ੍ਹਾਂ ਵਿੱਚ ਦਾਣਾ ਨਹੀਂ ਬਣਦਾ।
ਕਿਸਾਨਾਂ ਨੂੰ ਤੁਰੰਤ ਕਦਮ ਚੁੱਕਣ ਲਈ ਸਲਾਹ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਹਰਾਂ ਨੇ ਖੇਤਾਂ ਵਿਚੋਂ ਵੱਧ ਪਾਣੀ ਕੱਢਣ, ਜ਼ਿੰਕ ਦੀ ਖ਼ੁਰਾਕ ਦੇਣ ਅਤੇ ਚਿੱਟੀ ਪਿੱਠ ਵਾਲੇ ਟਿੱਡੇ ’ਤੇ ਕਾਬੂ ਪਾਉਣ ਲਈ ਕੀਟਨਾਸ਼ਕ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਹੈ ਕਿਉਂਕਿ ਇਹ ਕੀੜਾ ਵਾਇਰਸ ਨੂੰ ਸਿਹਤਮੰਦ ਪੌਦਿਆਂ ਵਿੱਚ ਫੈਲਾਉਂਦਾ ਹੈ ਜੋ ਹਵਾ ਨਾਲ ਅੱਗੇ ਵਧਦਾ ਹੈ। ਡਾ. ਬਲਬੀਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਉਂਦੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਹਾਲਾਤਾਂ ਤੋਂ ਜਾਣੂ ਹੈ ਅਤੇ ਨੁਕਸਾਨ ਨੂੰ ਘਟਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।