ਲਾਵਾਰਸ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਯਤਨ ਜਾਰੀ: ਮੇਅਰ
ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਵਿੱਚ ਲਾਵਾਰਸ ਪਸ਼ੂਆਂ ਦੀ ਸਮੱਸਿਆ ਦੇ ਹੱਲ ਤੇ ਪਸ਼ੂਆਂ ਕਾਰਨ ਵਾਪਰਦੇ ਹਾਦਸੇ ਰੋਕਣ ਲਈ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਨਿਗਮ ਟੀਮ ਵੱਲੋਂ ਵਿਸ਼ੇਸ਼ ਤੌਰ ’ਤੇ ਲਗਾਏ ਮਿਨੀ ਟਰੱਕ ਵਿੱਚ ਗਊਸ਼ਾਲਾ ਭੇਜਿਆ ਗਿਆ। ਉਨ੍ਹਾਂ ਨੇ ਸਾਫ਼ ਕਿਹਾ ਕਿ ਸ਼ਹਿਰ ਦੀ ਸੁਚੱਜੀ ਵਿਵਸਥਾ ਅਤੇ ਲੋਕਾਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ। ਮੇਅਰ ਨੇ ਕਿਹਾ ਕਿ ਲਾਵਾਰਸ ਪਸ਼ੂਆਂ ਕਾਰਨ ਕਾਰਨ ਸੜਕਾਂ ’ਤੇ ਟਰੈਫ਼ਿਕ ਵਿੱਚ ਵਿਘਨ ਪੈਂਦਾ ਹੈ ਤੇ ਹਾਦਸੇ ਵਾਪਰਦੇ ਹਨ। ਇਸ ਸਮੱਸਿਆ ਦੇ ਹੱਲ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਗਰ ਨਿਗਮ ਵੱਲੋਂ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ ਜੋ ਹਰ ਰੋਜ਼ ਸ਼ਹਿਰ ਦੇ ਮੁੱਖ ਮਾਰਗਾਂ, ਬਾਜ਼ਾਰਾਂ ਅਤੇ ਚੌਕਾਂ ਤੋਂ ਲਾਵਾਰਸ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਭੇਜੇਗੀ। ਇਸ ਦੇ ਨਾਲ ਹੀ ਮੇਅਰ ਨੇ ਸਬੰਧਿਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਜਿੱਥੇ ਕਿਤੇ ਵੀ ਲਾਵਾਰਿਸ ਪਸ਼ੂ ਮਿਲਣ ਤਾਂ ਉਨ੍ਹਾਂ ਨੂੰ ਤੁਰੰਤ ਨਿਗਮ ਨਾਲ ਸਬੰਧਤ ਗਊਸ਼ਾਲਾ ’ਚ ਲਿਜਾਇਆ ਜਾਵੇ। ਮੇਅਰ ਗੋਗੀਆ ਨੇ ਇਹ ਵੀ ਕਿਹਾ ਕਿ ਬੇਸਹਾਰਾ ਪਸ਼ੂਆਂ ਦੇ ਮਸਲੇ ਤੋਂ ਇਲਾਵਾ, ਸ਼ਹਿਰ ਨੂੰ ਸਾਫ਼-ਸੁਥਰਾ, ਕੂੜਾ ਰਹਿਤ ਬਣਾਉਣ ਲਈ ਨਗਰ ਨਿਗਮ ਵੱਲੋਂ ਵੱਡੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰ ਇਲਾਕੇ ਵਿੱਚ ਟੀਮਾਂ ਵੱਲੋਂ ਸਫ਼ਾਈ, ਨਾਲਿਆਂ ਅਤੇ ਬਿਹਤਰ ਪ੍ਰਬੰਧਾਂ ਬਾਰੇ ਪ੍ਰਤੀਕਿਰਿਆ ਹਾਸਲ ਕੀਤੀ ਜਾਵੇਗੀ।