ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਸ਼ਾ ਤਸਕਰੀ ਮਾਮਲਾ: ਵਿਸ਼ੇਸ ਜਾਂਚ ਟੀਮ ਵੱਲੋਂ ਬਿਕਰਮ ਮਜੀਠੀਆ ਤੋਂ ਸੱਤ ਘੰਟੇ ਪੁੱਛਗਿੱਛ

ਸਰਬਜੀਤ ਸਿੰਘ ਭੰਗੂ ਪਟਿਆਲਾ, 17 ਮਾਰਚ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਸਵਾ ਤਿੰਨ ਸਾਲ ਪਹਿਲਾਂ ਦਰਜ ਕੇਸ ਦੀ ਜਾਂਚ ਕਰ ਰਹੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਅੱਜ...
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 17 ਮਾਰਚ

Advertisement

ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਸਵਾ ਤਿੰਨ ਸਾਲ ਪਹਿਲਾਂ ਦਰਜ ਕੇਸ ਦੀ ਜਾਂਚ ਕਰ ਰਹੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਅੱਜ ਇੱਥੇ ਪੁਲੀਸ ਲਾਈਨ ਵਿੱਚ ਸੱਤ ਘੰਟੇ ਪੁੱਛ-ਪੜਤਾਲ ਕੀਤੀ ਗਈ। ਇਸ ਦੌਰਾਨ ਹੋਰ ਮੱਦਾਂ ਸਣੇ ਮੁੱਖ ਤੌਰ ’ਤੇ ਪਿਛਲੇ ਸਮੇਂ ਦੌਰਾਨ ਹੋਏ ਲੈਣ-ਦੇਣ ਸਬੰਧੀ ਵਧੇਰੇ ਸਵਾਲ-ਜਵਾਬ ਹੋਏ ਪਰ ਅੱਜ ਸਮਾਂ ਜ਼ਿਆਦਾ ਹੋਣ ਕਾਰਨ ਉਸ ਨੂੰ ਭਲਕੇ 18 ਮਾਰਚ ਨੂੰ ਮੁੜ ਤੋਂ ਸਿਟ ਕੋਲ ਪੇਸ਼ ਹੋਣ ਦੀ ਤਾਕੀਦ ਕੀਤੀ ਗਈ ਹੈ। ਬਿਕਰਮ ਮਜੀਠੀਆ ਅੱਜ ਸਵੇਰੇ 11 ਵਜੇ ਇੱਥੇ ਪਹੁੰਚ ਗਿਆ ਸੀ ਅਤੇ ਸ਼ਾਮ 6 ਵਜੇ ਤੱਕ ਉਸ ਕੋਲੋਂ ਪੁੱਛ-ਪੜਤਾਲ ਜਾਰੀ ਰਹੀ। ਪੁੱਛ-ਪੜਤਾਲ ਵਾਲੀ ਟੀਮ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ, ਆਈਪੀਐੱਸ ਅਧਿਕਾਰੀ ਵਰੁਨ ਸ਼ਰਮਾ, ਐੱਸਪੀ (ਡੀ) ਯੋਗੇਸ਼ ਸ਼ਰਮਾ, ਇੰਸਪੈਕਟਰ ਦਰਬਾਰਾ ਸਿੰਘ ਏਡੀਏ ਅਨਮੋਲਜੀਤ ਸਿੰਘ ਆਦਿ ਵੀ ਸ਼ਾਮਲ ਰਹੇ। ਉੱਧਰ, ਪੁੱਛ-ਪੜਤਾਲ ਵਾਲੇ ਸਥਾਨ ਪੁਲੀਸ ਲਾਈਨ ਦੇ ਬਾਹਰ ਰਾਜੂ ਖੰਨਾ, ਅਮਿਤ ਰਾਠੀ, ਪਰਮਜੀਤ ਕਾਹਲੋਂ ਮੁਹਾਲੀ ਸਣੇ ਵੱਡੀ ਗਿਣਤੀ ਅਕਾਲੀ ਅਤੇ ਯੂਥ ਅਕਾਲੀ ਦਲ ਦੇ ਵਰਕਰ ਪੁੱਜੇ ਹੋਏ ਸਨ। ਹਾਲਾਂਕਿ, ਅੱਜ ਪਹਿਲਾਂ ਵਾਲੀਆਂ ਪੇਸ਼ੀਆਂ ਦੇ ਮੁਕਾਬਲੇ ਵਰਕਰਾਂ ਦਾ ਇਕੱਠ ਘੱਟ ਰਿਹਾ। ਅਸਲ ਵਿੱਚ ਮਜੀਠੀਆ ਵੱਲੋਂ ਪਿਛਲੇ ਦਿਨੀਂ ਸਿੰਘ ਸਾਹਿਬ ਨੂੰ ਹਟਾਏ ਜਾਣ ਦੇ ਵਿਰੋਧ ਵਿੱਚ ਦਿੱਤੇ ਗਏ ਬਿਆਨ ਦੇ ਮੱਦੇਨਜ਼ਰ ਬਹੁਤੇ ਵਰਕਰਾਂ ਨੇ ਅੱਜ ਇੱਥੇ ਆਉਣ ਤੋਂ ਗੁਰੇਜ਼ ਕੀਤਾ।ਇਸ ਮਗਰੋਂ ਦੇਰ ਸ਼ਾਮ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿਟ ਦੇ ਮੈਂਬਰ ਵਜੋਂ ਆਈਪੀਐੱਸ ਵਰੁਨ ਸ਼ਰਮਾ ਨੇ ਦੱਸਿਆ ਕਿ ਸਿਟ ਵੱਲੋਂ ਜਾਂਚ ਦਾ ਦਾਇਰਾ ਵਧਾਉਂਦਿਆਂ ਹੁਣ ਵਿੱਤੀ ਲੈਣ-ਦੇਣ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਘੋਖਣ ’ਤੇ ਸਾਹਮਣੇ ਆਇਆ ਕਿ ਪਿਛਲੇ ਸਮੇਂ ਦੌਰਾਨ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਫਰਮਾਂ ਤੋਂ ਦੇਸ਼-ਵਿਦੇਸ਼ ’ਚ ਵੱਡੀ ਪੱਧਰ ’ਤੇ ਲੈਣ ਦੇਣ ਹੋਇਆ ਹੈ, ਜਿਸ ਬਾਬਤ ਸਥਿਤੀ ਸਪੱਸ਼ਟ ਕਰਨ ਲਈ ਅੱਜ ਵੀ ਮਜੀਠੀਆ ਨੂੰ ਕਈ ਸਵਾਲ ਕੀਤੇ ਗਏ। ਇਸ ਦੌਰਾਨ ਕਈ ਬਾਹਰਲੀਆਂ ਕੰਪਨੀਆਂ ਨਾਲ ਵੀ ਵੱਡੀ ਪੱਧਰ ’ਤੇ ਲੈਣ- ਦੇਣ ਹੋਇਆ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਆਰਪੀਸੀ ਦੀ ਧਾਰਾ 160 ਤਹਿਤ ਹੀ ਮਜੀਠੀਆ ਨੂੰ 18 ਮਾਰਚ ਨੂੰ ਮੁੜ ਇੱਥੇ ਸਿਟ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਕੇਸ ਵਿਚਲੇ ਤਿੰਨ ਮੁਲਜਮ ਵਿਦੇਸ਼ਾਂ ਵਿੱਚ ਹਨ, ਜਿਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਲਈ ਐਕਸਟਰਾਡੀਸ਼ਨ ਅਤੇ ਬਲਿਊ ਕਾਰਨਰ ਨੋਟਿਸ ਸਣੇ ਹੋਰ ਹਰੇਕ ਸੰਭਵ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ: ਮਜੀਠੀਆ

ਸਿਟ ਸਾਹਮਣੇ ਪੇਸ਼ ਹੋਣ ਮਗਰੋਂ ਦੇਰ ਸ਼ਾਮ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਕਿਉਂਕਿ ਉਹ ਅਦਾਲਤੀ ਦਖ਼ਲ ਨਾਲ ਇੱਥੇ ਆਇਆ ਹੈ, ਇਸ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਕੁਝ ਨਹੀਂ ਬੋਲਾਂਗਾ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੇ ਸਿੱਟ ਕੋਲ ਪੇਸ਼ ਹੋਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਅਦਾਲਤ ਨੂੰ ਗੁੰਮਰਾਹ ਕਰ ਰਹੀ ਹੈ, ਜਿਸ ਕਰ ਕੇ ਉਸ ਨੇ ਖੁਦ ਹੀ ਅਦਾਲਤ ਕੋਲ ਪਹੁੰਚ ਕੀਤੀ ਸੀ ਤਾਂ ਜੋ ਮਾਣਯੋਗ ਅਦਾਲਤ ਸਬੰਧਤ ਅਧਿਕਾਰੀਆਂ ਨੂੰ ਇਹ ਮਾਮਲਾ ਛੇਤੀ ਨਿਬੇੜਨ ਦੀ ਹਦਾਇਤ ਕਰੇ। ਇਸੇ ਤਹਿਤ ਅਦਾਲਤ ਵੱਲੋਂ ਉਸ ਨੂੰ ਸਿੱਟ ਕੋਲ ਪੇਸ਼ ਹੋਣ ਲਈ ਆਖਿਆ ਗਿਆ ਸੀ। ਮਜੀਠੀਆ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ 12 ਸਾਲਾਂ ’ਚ ਚਲਾਨ ਤੱਕ ਨਹੀਂ ਪੇਸ਼ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਅਤੇ ਅਸਲੀਅਤ ਲੋਕਾਂ ਦੇ ਸਾਹਮਣੇ ਆ ਸਕੇ।

Advertisement
Tags :
Bikarm Singh Majithia