ਹਲਕਾ ਘਨੌਰ ਵੱਲੋਂ ਜ਼ਿਲ੍ਹਾ ਪ੍ਰਧਾਨ ਰੰਧਾਵਾ ਦਾ ਸਵਾਗਤ
ਕਾਂਗਰਸ ਦੀ ਨਵ-ਨਿਯੁਕਤ ਜ਼ਿਲ੍ਹਾ ਪ੍ਰ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦਾ ਹਲਕਾ ਘਨੌਰ ਦੀ ਸਮੁੱਚੀ ਕਾਂਗਰਸ ਨੇ ਅੱਜ ਸਾਬਕਾ ਵਿਧਾਇਕ ਠੇਕੇਦਾਰ ਮਦਨ ਲਾਲ ਜਲਾਲਪੁਰ ਦੀ ਅਗਵਾਈ ਹੇਠ ਸਨਮਾਨ ਕੀਤਾ। ਇਸ ਸਬੰਧੀ ਜਲਾਲਪੁਰ ਪਿੰਡ ’ਚ ਹੋਏ ਸਮਾਗਮ ’ਚ ਬਲਿਹਾਰ ਸ਼ਮਸ਼ਪੁਰ, ਗੁਰਦੀਪ ਊਟਸਰ, ਜੌਲੀ ਜਲਾਲਪੁਰ ਅਤੇ ਪਰਨੀਤ ਕੌਰ ਜਲਾਲਪੁਰ ਸਣੇ ਬਲਾਕ ਅਤੇ ਮੰਡਲ ਪ੍ਰਧਾਨ ਆਦਿ ਨੇ ਵੀ ਸ਼ਿਰਕਤ ਕੀਤੀ। ਅੱਜ ਦੇ ਇਸ ਸਮਾਗਮ ’ਚ ਮੰਡਲ ਪ੍ਰਧਾਨਾਂ ਦੀ ਆਮਦ ਨਾਲ ਹੀ ਹਲਕੇ ਦੀ ਸਮੁੱਚੀ ਕਾਂਗਰਸ ਦੀ ਹੀ ਹਾਜ਼ਰੀ ਲੱਗ ਗਈ। ਮਦਨ ਜਲਾਲਪੁਰ ਨੇ ਸਮਾਗਮ ਨੂੰ ਸੰਬੋਧਨ ਦੌਰਾਨ ਬੀਬੀ ਰੰਧਾਵਾ ਨੂੰ ਕਾਬਲ, ਯੋਗ ਅਤੇ ਸੁਲ਼ਝੀ ਰਾਜਸੀ ਆਗੂ ਦੱਸਿਆ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਵੱਡੀ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਬੀਬੀ ਰੰਧਾਵਾ ਇੱਕੋ ਸਮੇਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਲ-ਨਾਲ ਪੰਜਾਬ ਮਹਿਲਾ ਕਾਂਗਰਸ ਦੇ ਸੂਬਾਈ ਪ੍ਰਧਾਨ ਵੀ ਹਨ। ਪਰਨੀਤ ਕੌਰ ਜਲਾਲਪੁਰ ਨੇ ਦੱਸਿਆ ਕਿ ਬੀਬੀ ਰੰਧਾਵਾ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ ਦੇ ਵਕਾਰੀ ਅਤੇ ਸਰਕਾਰੀ ਅਹੁਦੇ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਅ ਚੁੱਕੇ ਹਨ। ਆਮ ਤੌਰ ’ਤੇ ਪੁਰਸ਼ਾਂ ਨੂੰ ਹੀ ਜ਼ਿਲ੍ਹਾ ਪ੍ਰਧਾਨ ਬਣਾਇਆ ਜਾਂਦਾ ਹੈ, ਪਰ ਹਾਈਕਮਾਨ ਨੇ ਇਥੇ ਇੱਕ ਮਹਿਲਾ ਨੂੰ ਜ਼ਿਲ੍ਹਾ ਪ੍ਰਧਾਨਗੀ ਦੇ ਕੇ ਔਰਤਾਂ ਨੂੰ ਵੱਡਾ ਮਾਣ ਬਖਸ਼ਿਆ ਹੈ। ਬਲਿਹਾਰ ਸ਼ਮਸ਼ਪੁਰ ਅਤੇ ਜੌਲੀ ਜਲਾਲਪੁਰ ਨੇ ਕਿਹਾ ਕਿ ਇਹ ਪਰਿਵਾਰ ਚਿਰਾਂ ਤੋਂ ਪਾਰਟੀ ਤੇ ਸਮਾਜ ਦੀ ਸੇਵਾ ਨੂੰ ਸਮਰਪਿਤ ਹੈ। ਬੀਬੀ ਰੰਧਾਵਾ ਦੇ ਪਤੀ ਜਸਵਿੰਦਰ ਰੰਧਾਵਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਿਤਾ ਭਗਵੰਤ ਸਿੰਘ ਲਖਮੀਰਵਾਲ਼ਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਦ ਕਿ ਸਹੁਰਾ ਬਲਾਕ ਸਮਿਤੀ ਮੈਂਬਰ ਰਹਿ ਚੁੱਕੇ ਹਨ।
ਗੁਰਸ਼ਰਨ ਕੌਰ ਰੰਧਾਵਾ ਨੇ ਜਲਾਲਪੁਰ ਟੀਮ ਦਾ ਧੰਨਵਾਦ ਕਰਦਿਆਂ ਆਪਣੀ ਇਹ ਜ਼ਿੰਮੇਵਾਰੀ ਵੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ। ਇਸ ਮੌਕੇ ਦਵਿੰਦਰ ਲਾਲੀ, ਪ੍ਰੋਮਿਲਾ ਮਹਿਤਾ ਤੇ ਦਰਸ਼ਨ ਮੰਡੋਲੀ ਸਮੇਤ ਹਲਕੇ ਦੇ ਸਮੂਹ ਬਲਾਕ ਤੇ ਮੰਡਲ ਪ੍ਰ੍ਰਧਾਨ ਵੀ ਮੌਜੂਦ ਸਨ।
