ਕਾਵਿ ਸੰਗ੍ਰਹਿ ‘ਵਲਵਲਿਆਂ ਦੀ ਦੁਨੀਆ’ ਉੱਤੇ ਚਰਚਾ
ਪੰਜਾਬੀ ਯੂਨੀਵਰਸਿਟੀ ਸਥਿਤ ਪੰਜਾਬੀ ਵਰਲਡ ਸੈਂਟਰ ਵਿੱਚ ਨਾਮਵਰ ਰੰਗਮੰਚ ਸੰਸਥਾ ਕਲਾਕ੍ਰਿਤੀ ਪਟਿਆਲਾ ਅਤੇ ਪੰਜਾਬੀ ਵਰਲਡ ਸੈਂਟਰ ਦੇ ਸਾਂਝੇ ਸਹਿਯੋਗ ਸਦਕਾ ਕਵਿੱਤਰੀ ਬਲਵਿੰਦਰ ਕੌਰ ‘ਥਿੰਦ’ ਦੇ ਕਾਵਿ ਸੰਗ੍ਰਹਿ ‘ਵਲਵਲਿਆਂ ਦੀ ਦੁਨੀਆ’ ਉੱਤੇ ਵਿਚਾਰ ਚਰਚਾ ਕਰਵਾਈ ਗਈ ਜਿਸ ਵਿੱਚ ਕਲਾਕਾਰ ਸਾਹਿਤਕਾਰ ਅਤੇ ਚਿੰਤਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸਮਾਗਮ ਦੇ ਮੁੱਖ ਮਹਿਮਾਨ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਡਾ. ਸਵਰਾਜ ਸਿੰਘ ਨੇ ਕਿਹਾ ਕਿ ਗਿਆਨ ਤੇ ਕਲਾ ਦਾ ਸੁਮੇਲ ਇੱਕ ਇਤਫ਼ਾਕ ਹੈ ਜਾ ਜ਼ਰੂਰਤ ਮਹਿਸੂਸ ਹੁੰਦੀ ਹੈ। ਕਿਉਂਕਿ ਕਲਾਕਾਰ, ਸਾਹਿਤਕਾਰ ਚਿੰਤਕ ਲੋਕ ਇਕੱਠੇ ਹੋ ਰਹੇ ਹਨ ਅਤੇ ਮਨੁੱਖਤਾ ਨੂੰ ਬਚਾਉਣ ਲਈ ਯਤਨਸ਼ੀਲ ਹਨ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬੀ ਵਰਲਡ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਅਜਿਹੀਆਂ ਪੁਸਤਕਾਂ ਆਮ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਦੀਆਂ ਹਨ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਅਕਸ਼ੇ ਗੋਪਾਲ ਨਵਯੁਗ ਨੇ ਕਿਹਾ ਕਿ ਕਵੀ ਸਮਾਜ ਦੀ ਸਮੱਸਿਆ ਨੂੰ ਮਹਿਸੂਸ ਕਰਕੇ ਲਿਖਦਾ ਹੈ। ਕਿਤਾਬ ਚਰਚਾ ਵਿੱਚ ਮੁੱਖ ਵਕਤਾ ਵਜੋਂ ਡਾ. ਮੀਤ ਖੱਟੜਾ ਨੇ ਕਿਹਾ ਕਿ ‘ਥਿੰਦ’ ਦੀ ਸ਼ੈਲੀ ਨਿਰਪੱਖ ਤੇ ਅਰਥ ਭਰਪੂਰ ਹੈ।