‘ਆਪ’ ਦੇ ਰਾਜ ’ਚ ਵਿਕਾਸ ਰੁਕਿਆ: ਹੈਰੀਮਾਨ
ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿੱਚ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਗਏ ਹਨ। ‘ਆਪ’ ਵਿਧਾਇਕ ਆਪਣੇ ਘਰ ਭਰਨ ਵਿੱਚ ਲੱਗੇ ਹੋਏ ਹਨ। ਹੁਣ ਲੋਕ ਕਾਂਗਰਸ ਸਰਕਾਰ ਸਮੇਂ ਕੀਤੇ ਵਿਕਾਸ ਕਾਰਜਾਂ ਨੂੰ ਯਾਦ ਕਰਨ ਲੱਗ ਪਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਹੈਰੀ ਮਾਨ ਨੇ ਕਿਹਾ ਕਿ ਪਿਛਲੇ ਸਮੇਂ ਕਾਂਗਰਸ ਦੀ ਸਰਕਾਰ ਨੇ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਤੌਰ ’ਤੇ ਹਲਕਾ ਸਨੌਰ ਵਿੱਚ ਉਨ੍ਹਾਂ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਚਾਰ ਪੁਲ ਬਣਵਾਏ ਹਨ ਜਿਨ੍ਹਾਂ ਵਿੱਚ ਪਿੰਡ ਸ਼ੇਖੂਪੁਰ ਵਿੱਚ ਘੱਗਰ, ਵੱਡੀ ਨਦੀ, ਛੋਟੀ ਨਦੀ ਅਤੇ ਬਹਾਦਰਗੜ੍ਹ ਦੇ ਪੇਂਡੂ ਖੇਤਰਾਂ ਵਿੱਚ ਬਣੇ ਪੁਲ ਸ਼ਾਮਲ ਹਨ। ਹੈਰੀ ਮਾਨ ਨੇ ਕਿਹਾ ਕਿ ਚੰਡੀਗੜ੍ਹ ਤੋਂ ਬਠਿੰਡਾ ਨੈਸ਼ਨਲ ਹਾਈਵੇ ਤੋਂ ਸਨੌਰ ਨੂੰ ਸਰਵਿਸ ਰੋਡ ਵੀ ਉਨ੍ਹਾਂ ਨੇ ਕੇਂਦਰੀ ਮੰਤਰੀ ਕੋਲ ਪਹੁੰਚ ਕਰਕੇ ਬਣਵਾਇਆ ਹੈ ਜਿਸ ਨਾਲ ਸਨੌਰ ਨੇੜੇ ਦਰਜਨਾਂ ਪਿੰਡਾਂ ਨੂੰ ਸਫ਼ਰ ਕਰਨ ਵਿੱਚ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਹਾਦਰਗੜ੍ਹ ਦੇ ਨਾਲ ਲੱਗਦੇ 70 ਪਿੰਡਾਂ ਨੂੰ ਪੀਣ ਲਈ ਸਾਫ਼ ਨਹਿਰੀ ਪਾਣੀ ਵੀ ਕਾਂਗਰਸ ਸਰਕਾਰ ਸਮੇਂ ਪੈਪ ਲਾਈਨ ਰਾਹੀਂ ਮਿਲਿਆ ਹੈ। ਹੈਰੀ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਹਲਕੇ ਦਾ ਰਿਕਾਰਡ ਤੋੜ ਵਿਕਾਸ ਹੋਇਆ ਹੈ। ਤਿੰਨ ਸਾਲ ਬੀਤਣ ਦੇ ਬਾਵਜੂਦ ‘ਆਪ’ ਵਿਧਾਇਕ ਟੁੱਟੀਆਂ ਸੜਕਾਂ ਨੂੰ ਪੈਚ ਵੀ ਨਹੀਂ ਲਗਵਾ ਸਕੇ।