ਡੇਰਾ ਓਡਾ ਦੇ ਲੋਕਾਂ ਨੇ ਝੂਠਾ ਕੇਸ ਦਰਜ ਕਰਨ ਵਿਰੁੱਧ ਦਿੱਤਾ ਧਰਨਾ
ਪੰਚਾਇਤੀ ਵੋਟਾਂ ਨੂੰ ਲੈ ਕੇ ਚੱਲ ਰਹੀ ਤਕਰਾਰਬਾਜ਼ੀ ਨੂੰ ਲੈ ਡੇਰਾ ਓਡਾ ਅਰਨੌਂ ਦੇ ਵਿਅਕਤੀ ਤੇ ਹਮਲਾ ਕਰਕੇ ਜ਼ਖਮੀ ਕਰਨ ਦੇ ਦੋਸ਼ ਹੇਠ ਪੁਲੀਸ ਵੱਲੋਂ 4 ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ। ਕੇਸ ਵਿੱਚ ਸ਼ਾਮਲ ਇੱਕ ਵਿਅਕਤੀ ਦੇ ਖਿਲਾਫ਼ ਝੂਠਾ ਕੇਸ ਦਰਜ ਕਰਨ ਦੇ ਦੋਸ਼ ਲਾਉਦਿਆਂ ਪਿੰਡ ਵਾਸੀਆਂ ਵੱਲੋਂ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਪੁਲੀਸ ਵੱਲੋਂ ਨਿਰਦੋਸ਼ਾਂ ਨੂੰ ਪੜਤਾਲ ਕਰਕੇ ਕੇਸ ਵਿੱਚੋਂ ਕੱਢਣ ਅਤੇ ਦੂਜੀ ਧਿਰ ਦੇ ਖਿਲਾਫ਼ ਕੇਸ ਦਰਜ ਕਰ ਲੈਣ ਮਗਰੋਂ ਧਰਨਾ ਸਮਾਪਤ ਕੀਤਾ ਗਿਆ।
ਮੁਕੇਸ਼ ਕੁਮਾਰ ਦੀ ਅਗਵਾਈ 'ਚ ਧਰਨਾ ਦੇ ਰਹੇ ਲੋਕਾਂ ਨੇ ਦੱਸਿਆ ਕਿ ਪੁਲੀਸ ਨੇ ਮੇਘ ਰਾਜ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ। ਉਸ ਦਾ ਉਕਤ ਝਗੜੇ ਨਾਲ ਕੋਈ ਸਬੰਧ ਨਹੀ ਸਗੋਂ ਪੁਰਾਣੀ ਰੰਜਸ਼ ਦੇ ਚੱਲਦਿਆਂ ਕਾਰਵਾਈ ਕੀਤੀ ਗਈ ਹੈ। ਝਗੜੇ ਵਿੱਚ ਇਕ ਤਰਫਾ ਕਾਰਵਾਈ ਕੀਤੇ ਜਾਣ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੁਲੀਸ ਵੱਲੋਂ ਨਿਰਦੋਸ਼ਾਂ ਖਿਲਾਫ਼ ਦਰਜ ਕੀਤਾ ਕੇਸ ਰੱਦ ਨਹੀਂ ਕੀਤਾ ਜਾਂਦਾ।
ਠਰੂਆ ਪੁਲੀਸ ਚੌਕੀ ਦੇ ਮੁਖੀ ਜੈ ਪ੍ਰਕਾਸ਼ ਨੇ ਦੱਸਿਆ ਕਿ ਰਾਜੀਵ ਕੁਮਾਰ ਨੇ ਦਿੱਤੇ ਬਿਆਨਾ ਵਿੱਚ ਦੱਸਿਆ ਸੀ ਕਿ ਉਸ ਤੇ ਪਿੰਡ ਦੇ 4 ਵਿਅਕਤੀਆਂ ਨੇ ਪੰਚਾਇਤੀ ਵੋਟਾਂ ਦੀ ਰੰਜਸ਼ ਨੂੰ ਲੈ ਕੇ ਜਾਨ ਲੇਵਾ ਹਮਲਾ ਕਰਕੇ ਜ਼ਖਮੀ ਕੀਤਾ ਹੈ। ਰਮੇਸ਼ ਕੁਮਾਰ, ਰਜੇਸ਼ ਕੁਮਾਰ, ਮੇਘ ਰਾਜ, ਨਵੀਨ ਕੁਮਾਰ ਦੇ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਹੈ ਕਿ ਧਰਨਕਾਰੀ ਧਿਰ ਦੇ ਬਿਆਨ ਦੇ ਅਧਾਰ ਤੇ ਦੂਜੀ ਧਿਰ ਦੇ ਖਿਲਾਫ਼ ਕਰਾਸ ਕੇਸ ਦਰਜ ਕਰ ਲਿਆ ਹੈ। ਪੜਤਾਲ ਵਿੱਚ ਨਿਰਦੋਸ਼ ਪਾਏ ਗਏ ਵਿਅਕਤੀਆਂ ਦੀ ਕੈਂਸਲੇਸ਼ਨ ਭਰ ਦਿੱਤੀ ਜਾਵੇਗੀ।