ਡਿਪਟੀ ਕਮਿਸ਼ਨਰ ਵੱਲੋਂ ਤਹਿਸੀਲਦਾਰ ਦਫ਼ਤਰ ਦਾ ਦੌਰਾ
ਤਹਿਸੀਲ ਦਫ਼ਤਰ ਸਬੰਧੀ ਸ਼ਿਕਾਇਤਾਂ ਮਿਲਣ ਮਗਰੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਤਹਿਸੀਲਦਾਰ ਦਫ਼ਤਰ ਪਟਿਆਲਾ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਤਹਿਸੀਲਦਾਰ ਦਫ਼ਤਰ ਵਿੱਚ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਪ੍ਰਤੀਕਿਰਿਆ ਹਾਸਲ ਕੀਤੀ। ਆਪਣੇ ਨਿਰੀਖਣ ਦੌਰਾਨ ਪ੍ਰੀਤੀ ਯਾਦਵ...
Advertisement
ਤਹਿਸੀਲ ਦਫ਼ਤਰ ਸਬੰਧੀ ਸ਼ਿਕਾਇਤਾਂ ਮਿਲਣ ਮਗਰੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਤਹਿਸੀਲਦਾਰ ਦਫ਼ਤਰ ਪਟਿਆਲਾ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਤਹਿਸੀਲਦਾਰ ਦਫ਼ਤਰ ਵਿੱਚ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਪ੍ਰਤੀਕਿਰਿਆ ਹਾਸਲ ਕੀਤੀ। ਆਪਣੇ ਨਿਰੀਖਣ ਦੌਰਾਨ ਪ੍ਰੀਤੀ ਯਾਦਵ ਨੇ ਮਾਲ ਅਦਾਲਤ ’ਚ ਲੰਬਿਤ ਕੇਸਾਂ ਦਾ ਸਮਾਂਬੱਧ ਨਿਪਟਾਰਾ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਮੀਨੀ ਤਕਸੀਮ, ਨਿਸ਼ਾਨਦੇਹੀ, ਪੈਮਾਇਸ਼, ਖ਼ਸਰਾ-ਗਿਰਦਾਵਰੀ, ਨੰਬਰਦਾਰੀ ਤੇ ਚੌਕੀਦਾਰੀ ਦੇ ਕੇਸਾਂ ਦਾ ਨਿਪਟਾਰਾ ਸਮਾਂਬੱਧ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਬਿਨਾਂ ਕਿਸੇ ਕਾਰਨ ਤਾਰੀਕਾਂ ਪਾਉਣ ਵਾਲੇ ਅਧਿਕਾਰੀ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਹਿਸੀਲਦਾਰ ਅਤੇ ਹੋਰ ਮਾਲ ਅਧਿਕਾਰੀ ਤੈਅ ਸਮੇਂ ’ਚ ਕੋਰਟ ਲਗਾਉਣਾ ਯਕੀਨੀ ਬਣਾਉਣ ਤਾਂ ਜੋ ਦੂਰ ਦੁਰਾਡੇ ਤੋਂ ਆਏ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕੰਮ ਵਿੱਚ ਕੁਤਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਤਹਿਸੀਲਦਾਰ ਦਫ਼ਤਰ ਸਮੇਤ ਹੋਰਨਾਂ ਦਫ਼ਤਰਾਂ ਵਿੱਚ ਆਪਣੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਮੌਕੇ ’ਤੇ ਹੋਣ ਵਾਲੇ ਕੰਮਾਂ ਨੂੰ ਤੁਰੰਤ ਕਰਵਾਇਆ। ਉਨ੍ਹਾਂ ਲੋਕਾਂ ਪਾਸੋਂ ਪ੍ਰਤੀਕਿਰਿਆ ਵੀ ਪ੍ਰਾਪਤ ਕੀਤੀ ਤਾਂ ਜੋ ਕੰਮ ਵਿੱਚ ਹੋਰ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਤੇ ਐੱਸਡੀਐੱਮ ਪਟਿਆਲਾ ਹਰਜੋਤ ਕੌਰ ਵੀ ਮੌਜੂਦ ਸਨ।
Advertisement