ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਪ੍ਰਦਰਸ਼ਨ
ਪ੍ਰਧਾਨ ਹਰਜੀਤ ਸਿੰਘ ਸੇਖੋਂ ਅਤੇ ਸਕੱਤਰ ਬਰੇਸ਼ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਪਟਿਆਲਾ ਸਰਕਲ ਦੀਆਂ ਪੰਜ ਡਵੀਜ਼ਨਾਂ ਦੇ ਸੀਨੀਅਰ ਕਾਰਜਕਾਰੀ ਇੰਜਨੀਅਰ/ਵਧੀਕ ਨਿਗਰਾਨ ਇੰਜਨੀਅਰ ਨੂੰ ਦਿੱਤੇ ਮੰਗ ਪੱਤਰਾਂ ਵਿੱਚ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਕਿ ਹੜ੍ਹ ਪੀੜਤਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਹੜ੍ਹ ਪੀੜਤ ਹੜ੍ਹਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਹੈ। ਜੇਕਰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਕੋਈ ਸੰਘਰਸ਼ ਕਮੇਟੀ ਬਣਦੀ ਹੈ ਤਾਂ ਜਥੇਬੰਦੀ ਟੀਐੱਸਯੂ ਉਸ ਸੰਘਰਸ਼ ਵਿੱਚ ਪੂਰੀ ਤਰ੍ਹਾਂ ਯੋਗਦਾਨ ਪਾਵੇਗੀ।
ਟੈਕਨੀਕਲ ਸਰਵਿਸ ਯੂਨੀਅਨ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਸੀਐੱਮ ਰਿਲੀਫ ਫ਼ੰਡ ਵਿੱਚ ਕਿਸੇ ਵੀ ਮੈਂਬਰ ਦੀ ਕੋਈ ਤਨਖ਼ਾਹ ਨਾ ਕੱਟੀ ਜਾਵੇ ਕਿਉਂਕਿ ਜਥੇਬੰਦੀ ਦਾ ਫ਼ੈਸਲਾ ਹੈ ਕਿ ਮੈਂਬਰ ਹੜ੍ਹ ਪੀੜਤਾਂ ਨੂੰ ਆਪਣੀ ਸਮਰੱਥਾ ਅਨੁਸਾਰ ਵੱਧ ਤੋਂ ਵੱਧ ਸਹਾਇਤਾ ਜਥੇਬੰਦੀ ਵੱਲੋਂ ਦੇਣਗੇ। ਇਹ ਸਹਾਇਤਾ ਕਿਸਾਨ ਜਥੇਬੰਦੀਆਂ ਟੀਐੱਸਯੂ ਅਤੇ ਮਜ਼ਦੂਰ ਜਥੇਬੰਦੀਆਂ ਨਾਲ ਮਿਲ ਕੇ ਵੀ ਕੀਤੀ ਜਾ ਸਕਦੀ ਹੈ। ਮੰਗ ਪੱਤਰ ਦੇਣ ਮੌਕੇ ਹਰਜੀਤ ਸਿੰਘ ਸੇਖੋਂ, ਬਰੇਸ਼ ਕੁਮਾਰ, ਇੰਦਰਜੀਤ ਸਿੰਘ, ਭਗਵਾਨ ਸਿੰਘ, ਕਰਮਜੀਤ ਸਿੰਘ, ਵਿਜੇ ਦੇਵ, ਜਤਿੰਦਰ ਚੱਢਾ, ਗੁਰਦੀਪ ਸਿੰਘ ਅਤੇ ਮਹੇਸ਼ ਕੁਮਾਰ ਹਾਜ਼ਰ ਸਨ।