ਸਮਾਣਾ ਕਾਲਜ ਨੂੰ ਸਰਕਾਰੀ ਕਰਨ ਦੀ ਮੰਗ
ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਪਬਲਿਕ ਕਾਲਜ ਸਮਾਣਾ ਦੇ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸੰਘਰਸ਼ ਕਮੇਟੀ ਚੁਣੀ ਗਈ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਵਿਦਿਆਰਥੀ ਆਗੂਆਂ ਨੇ ਕਿਹਾ ਕੇ ਸਿਆਸੀ ਆਗੂ ਸਿਰਫ਼ ਆਪਣੀਆਂ ਰੋਟੀਆਂ ਸੇਕ ਕੇ ਚਲੇ ਜਾਂਦੇ ਹਨ ਅਤੇ ਉਨ੍ਹਾਂ ਦੇ ਕਹਿਣ ਅਨੁਸਾਰ ਤਾਂ ਬਹੁਤ ਵਾਰ ਕਾਲਜ ਸਰਕਾਰੀ ਵੀ ਹੋ ਗਿਆ ਹੈ ਪਰ ਹਕੀਕਤ ਚ ਕੁੱਝ ਵੀ ਨਹੀਂ। ਜ਼ਿਕਰਯੋਗ ਹੈ ਕਿ ਸਮਾਣਾ ਸਬ-ਡਿਵੀਜ਼ਨ ਵਿੱਚ ਕੋਈ ਵੀ ਸਰਕਾਰੀ ਕਾਲਜ ਨਹੀਂ ਹੈ। ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਹਰ ਸਬ-ਡਿਵੀਜ਼ਨ ਵਿੱਚ ਇੱਕ ਸਰਕਾਰੀ ਕਾਲਜ ਬਣਾਇਆ ਜਾਵੇਗਾ। ਸਮਾਣਾ ਇਲਾਕੇ ਦੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਮਹਿੰਗੀ ਕੀਮਤ ’ਤੇ ਸਿੱਖਿਆ ਲੈਣੀ ਪੈ ਰਹੀ ਹੈ। ਆਮ ਘਰਾਂ ਦੇ ਵਿਦਿਆਰਥੀਆਂ ਕੋਲ ਸਿੱਖਿਆ ਪ੍ਰਾਪਤ ਕਰਨ ਦਾ ਇੱਕੋ-ਇੱਕ ਜ਼ਰੀਆ ਸਰਕਾਰੀ ਕਾਲਜ ਹਨ, ਜਦੋਂ ਕਿ ਪ੍ਰਾਈਵੇਟ ਜਾਂ ਨਿੱਜੀ ਕਾਲਜ ਵਿਦਿਆਰਥੀਆਂ ਕੋਲੋਂ ਮੋਟੀਆਂ ਫੀਸਾਂ ਵਸੂਲਦੇ ਹਨ। ਜਿਸ ਕਾਰਨ ਸਿੱਖਿਆ ਗ਼ਰੀਬ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਸਿੱਖਿਆ ਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਵਿਦਿਆਰਥੀ ਸਰਕਾਰੀ ਕਾਲਜਾਂ ਦੀ ਘਾਟ ਕਾਰਨ ਮਜਬੂਰਨ ਇਨ੍ਹਾਂ ਪ੍ਰਾਈਵੇਟ ਅਤੇ ਅਰਧ-ਸਰਕਾਰੀ ਕਾਲਜਾਂ ਵਿੱਚ ਜਾਣ ਲਈ ਮਜਬੂਰ ਹਨ। ਇਸ ਲਈ ਜਥੇਬੰਦੀ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਬਣਾਉਣ ਦੀ ਮੰਗ ਕਰ ਰਹੀ ਹੈ।
