ਪਟਿਆਲਾ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਰੇਲਵੇ ਲਿੰਕ ਨਾਲ ਜੋੜਨ ਦੀ ਮੰਗ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਜੂਨ
ਜ਼ਿਲ੍ਹੇ ਪਟਿਆਲਾ ਵਿੱਚ ਗੁਰੂ ਤੇਗ਼ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਕਾਫ਼ੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਰੇਲਵੇ ਲਿੰਕ ਰਾਹੀਂ ਪਟਿਆਲਾ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਲ ਜੋੜਿਆ ਜਾਵੇ।
ਭਾਰਤੀ ਕਿਸਾਨ ਓਥਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਉਨ੍ਹਾਂ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹੇ ਪਟਿਆਲਾ ਨੂੰ ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ ਨਾਲ ਜੋੜ ਕੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਟ੍ਰੇਨ ਦੀ ਤਰਜ਼ ’ਤੇ ਪਟਿਆਲਾ ਤੋਂ ਦਿੱਲੀ-ਅੰਮ੍ਰਿਤਸਰ ਟਾਈਮ ਚਲਾਇਆ ਜਾਵੇ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਜ਼ਿਲ੍ਹੇ ਪਟਿਆਲਾ ਤੋਂ ਅੰਮ੍ਰਿਤਸਰ ਜਾਣ ਵਾਸਤੇ ਇੱਕੋ ਟਾਈਮ ਹੈ ਜਦੋਂਕਿ ਇੱਥੇ ਜੋ ਰੇਲਾਂ ਵਾਇਆ ਰਾਜਪੁਰਾ ਜਾਂਦੀਆਂ ਹਨ, ਉਨ੍ਹਾਂ ਨੂੰ ਵਾਇਆ ਪਟਿਆਲਾ ਕੀਤਾ ਜਾਵੇ। ਇਸ ਉਪਰੰਤ ਜ਼ਿਲ੍ਹੇ ਪਟਿਆਲਾ ਨੂੰ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਲ ਜੋੜਿਆ ਜਾਵੇ। ਉਨ੍ਹਾਂ ਪੰਜਾਬ ਸਰਕਾਰ ਦੇ ਨਾਮ ’ਤੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਪਟਿਆਲਾ ਸ਼ਹਿਰ ਵਿੱਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਨੂੰ ਪੀਜੀਆਈ ਦੀ ਤਰਜ਼ ’ਤੇ ਅਪਗ੍ਰੇਡ ਕੀਤਾ ਜਾਵੇ।