ਯੂ ਏ ਈ ਕਾਰੋਬਾਰੀ ਦੀ ਅਗਵਾਈ ਹੇਠ ਵਫ਼ਦ ਪੰਜਾਬੀ ਯੂਨੀਵਰਸਿਟੀ ਪੁੱਜਾ
ਯੂ ਏ ਈ ਦੇ ਪ੍ਰਸਿੱਧ ਕਾਰੋਬਾਰੀ ਸੁਰੇਂਦਰ ਸਿੰਘ ਕੰਧਾਰੀ ਦੀ ਅਗਵਾਈ ਵਿੱਚ ਇੱਕ ਵਫ਼ਦ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਸਬੰਧੀ ਡਾਇਰੈਕਟੋਰੇਟ ਵੱਲੋਂ ਸਿੰਡੀਕੇਟ ਰੂਮ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਵਿਚਾਰ-ਵਟਾਂਦਰਾ ਕੀਤਾ। ਸੁਰੇਂਦਰ ਸਿੰਘ ਕੰਧਾਰੀ ਨੇ ਯੂ ਏ ਈ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਅਤੇ ਉੱਥੇ ਚਲਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਉਹ ਪੰਜਾਬੀਅਤ ਅਤੇ ਸਿੱਖੀ ਦੇ ਪ੍ਰਚਾਰ ਪਸਾਰ ਲਈ ਕੰਮ ਕਰਦੇ ਭਾਰਤ ਵਿਚਲੇ ਅਦਾਰਿਆਂ ਨਾਲ਼ ਸਾਂਝ ਪਾ ਕੇ ਇਸ ਖੇਤਰ ਵਿੱਚ ਹੋਰ ਵਧੇਰੇ ਕੰਮ ਕਰਨ ਦੇ ਇੱਛੁਕ ਹਨ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਉਨ੍ਹਾਂ ਦੀ ਇਸ ਤਜਵੀਜ਼ ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਵਿਸ਼ੇਸ਼ ਤੌਰ ਉੱਤੇ ਧਰਮ ਦੇ ਖੇਤਰ ਵਿੱਚ ਆਪਸੀ ਸਾਂਝੇਦਾਰੀ ਨਾਲ਼ ਕੰਮ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਯੂਨੀਵਰਸਿਟੀ ਵੱਲੋਂ ਭਵਿੱਖ ਵਿੱਚ ਵੀ ਉਨ੍ਹਾਂ ਦੀ ਟੀਮ ਨਾਲ਼ ਰਾਬਤਾ ਜਾਰੀ ਰੱਖਿਆ ਜਾਵੇਗਾ। ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਅੰਤਰਰਾਸ਼ਟਰੀ ਵਿਦਿਆਰਥੀਆਂ ਸਬੰਧੀ ਡਾਇਰੈਕਟੋਰੇਟ ਦੇ ਡੀਨ ਪ੍ਰੋ. ਦਮਨਜੀਤ ਸੰਧੂ ਅਤੇ ਯੂ.ਏ.ਈ. ਵਫ਼ਦ ਵਿੱਚ ਸ਼ਾਮਿਲ ਬਬਲ ਕੰਧਾਰੀ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ। ਇਸ ਮੌਕੇ ਗੁਰਮੀਤ ਸਿੰਘ ਸਿੱਧੂ, ਡਾ. ਰਾਜਵੰਤ ਕੌਰ ਪੰਜਾਬੀ, ਡਾ. ਪਰਮਵੀਰ ਸਿੰਘ, ਡਾ. ਗੁਰਸੇਵਕ ਲੰਬੀ, ਡਾ. ਰਾਜਵਿੰਦਰ ਢੀਂਡਸਾ, ਪ੍ਰੋ. ਜੀਵਨਜੋਤ ਅਤੇ ਖੋਜਾਰਥੀ ਗੁਰਪ੍ਰੀਤ ਮੈਣ ਆਦਿ ਵੀ ਮੌਜੂਦ ਸਨ।
