ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਡੈਲੀਗੇਟ ਇਜਲਾਸ
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਬਣਾਈ ਗਈ ਭਰਤੀ ਕਮੇਟੀ ਦੀ ਦੇਖ-ਰੇਖ ਵਿੱਚ ਚੱਲ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤ ਦੀ ਲਹਿਰ ਦੇ ਡੈਲੀਗੇਟ ਚੁਣਨ ਦੀ ਲੜੀ ਤਹਿਤ ਹਲਕਾ ਸ਼ੁਤਰਾਣਾ ’ਚ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਅਤੇ ਕਰਨ ਸਿੰਘ ਡੀਟੀਓ ਦੀ ਅਗਵਾਈ ਵਿੱਚ ਡੈਲੀਗੇਟ ਇਜਲਾਸ ਹੋਇਆ। ਇਜਲਾਸ ਦੌਰਾਨ 4 ਸੂਬਾਈ ਡੈਲੀਗੇਟਾਂ ਵਿੱਚ ਕਰਨ ਸਿੰਘ ਡੀਟੀਓ, ਹਰਦੀਪ ਸਿੰਘ ਮਵੀ ਕਲਾਂ, ਗੋਬਿੰਦ ਸਿੰਘ ਵਿਰਦੀ ਅਤੇ ਸੁਖਵਿੰਦਰ ਸਿੰਘ ਝੱਬਰ ਤੋਂ ਇਲਾਵਾ 11 ਜ਼ਿਲ੍ਹਾ ਡੈਲੀਗੇਟ ਚੁਣੇ ਗਏ। ਭਰਤੀ ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦ ਕੁਰਬਾਨੀਆਂ ਤੇ ਸ਼ਹਾਦਤਾਂ ’ਤੇ ਟਿਕੀ ਹੋਈ ਹੈ ਪਰ ਜਦੋਂ ਦੀ ਪਾਰਟੀ ਦੀ ਵਾਂਗ ਡੋਰ ਸਰਮਾਏਦਾਰਾਂ ਦੇ ਹੱਥ ਵਿੱਚ ਆ ਗਈ ਉਸ ਤੋਂ ਬਾਅਦ ਪਾਰਟੀ ਅੰਦਰ ਨਿਘਾਰ ਆ ਚੁੱਕਾ ਹੈ। ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਮਾਂ ਆ ਗਿਆ ਹੈ ਹੰਕਾਰੀ ਲੋਕਾਂ ਨੂੰ ਪਾਰਟੀ ਤੋਂ ਲਾਂਭੇ ਕੀਤਾ ਜਾਵੇ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਟਕਸਾਲੀ ਅਕਾਲੀ ਵਰਕਰਾਂ ਨੂੰ ਦਲ ਦੀ ਚੜ੍ਹਦੀਕਲਾ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਸਮਾਣਾ ਵਿੱਚ ਡੈਲੀਗੇਟਾਂ ਦੀ ਚੋਣ
Advertisementਸਮਾਣਾ (ਸੁਭਾਸ਼ ਚੰਦਰ): ਹਲਕਾ ਸਮਾਣਾ ਦੇ ਡੈਲੀਗੇਟ ਬਣਾਉਨ ਲਈ ਇੱਕ ਮੀਟਿੰਗ ਗੁਰਦੁਆਰਾ ਸਾਹਿਬ ਟਰੱਕ ਯੂਨੀਅਨ ਵਿੱਚ ਰੱਖੀ ਗਈ ਜਿਸ ਵਿੱਚ ਸੁਰਜੀਤ ਸਿੰਘ ਰੱਖੜਾ ਅਤੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੂੰਦਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਝੂੰਦਾਂ ਨੇ ਦੱਸਿਆ ਕਿ ਮੈਂਬਰਸ਼ਿਪ ਨਾਲ ਪੂਰੇ ਜ਼ਿਲ੍ਹੇ ’ਚੋਂ 22 ਡੈਲੀਗੇਟ ਚੁਣੇ ਜਾਣਗੇ ਜਿਸ ਵਿੱਚੋਂ ਪੰਜ ਡੈਲੀਗੇਟ ਸੁਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਹਰਿੰਦਰ ਸਿੰਘ ਕੱਲਬੁਰਛਾਂ, ਕਪੂਰ ਚੰਦ ਬਾਂਸਲ ਤੇ ਮਨਜਿੰਦਰ ਸਿੰਘ ਰਾਣਾ ਸੇਖੋਂ ਸਮਾਣਾ ਹਲਕੇ ਦੇ ਸਟੇਟ ਡੈਲੀਗੇਟ ਹੋਣਗੇ।